ਫ਼ਰੀਦਕੋਟ : ਸੂਬੇ ਭਰ ਦੇ ਬਾਕੀ ਜ਼ਿਲਿਆਂ ਵਾਂਗ ਫ਼ਰੀਦਕੋਟ ਜ਼ਿਲ੍ਹੇ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਪਿਛਲੇ 6 ਮਹੀਨੇ ਤੋਂ ਆਯੁਸ਼ਮਾਨ ਭਾਰਤ ਸਕੀਮ ਦੇ ਤਹਿਤ ਮਰੀਜ਼ਾਂ ਦਾ ਇਲਾਜ ਨਹੀਂ ਹੋ ਰਿਹਾ। ਫਰੀਦਕੋਟ ਦੇ 14 ਪ੍ਰਾਈਵੇਟ ਹਸਪਤਾਲਾਂ 'ਚ ਇਸ ਸਕੀਮ ਅਧੀਨ ਇਲਾਜ਼ ਹੁੰਦਾ ਸੀ ਪਰ ਕਰੀਬ 5 ਤੋਂ 7 ਕਰੋੜ ਰੁਪਏ ਬਕਾਇਆ ਖੜਾ ਹੋਣ ਦੇ ਕਾਰਨ ਹਸਪਤਾਲਾਂ ਨੇ ਇਲਾਜ ਕਰਨਾ ਬੰਦ ਕਰ ਦਿੱਤਾ ਹੈ।
ਸਕੀਮ ਬੰਦ ਹੋਣ ਦੇ ਕਾਰਨ ਲੋਕ ਆਪਣੀ ਜੇਬਾਂ 'ਚੋਂ ਪੈਸੇ ਖਰਚ ਕਰਕੇ ਇਲਾਜ ਕਰਵਾ ਰਹੇ ਹਨ। ਇਸ ਮਾਮਲੇ ਵਿਚ ਕਾਰਡ ਹੋਲਡਰਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਪ੍ਰਾਈਵੇਟ ਹਸਪਤਾਲ ਵਿਚ ਕਾਰਡ ਨਾ ਚਲਣ ਕਾਰਨ ਖੁਦ ਜੇਬਾਂ 'ਚੋਂ ਪੈਸੇ ਖਰਚ ਕਰਕੇ ਇਲਾਜ ਕਰਵਾ ਰਹੇ ਹਨ।
ਇਸ ਮਾਮਲੇ 'ਚ ਆਈਐਮਏ ਕੋਟਕਪੂਰਾ ਦੇ ਸਕੱਤਰ ਅਤੇ ਰਾਜਨ ਹਸਪਤਾਲ ਦੇ ਮੁਖੀ ਡਾ. ਰਾਜਨ ਸਿੰਗਲਾ ਨੇ ਕਿਹਾ ਕਿ ਦਸੰਬਰ 2021 ਤੋਂ ਬਾਅਦ ਪ੍ਰਾਈਵੇਟ ਹਸਪਤਾਲਾਂ ਨੂੰ ਆਯੁਸ਼ਮਾਨ ਸਕੀਮ ਦੀ ਰਾਸ਼ੀ ਨਹੀਂ ਜਾਰੀ ਕੀਤੀ ਗਈ। ਪਿਛਲੀ ਸਰਕਾਰ ਨੂੰ ਵੀ ਮੰਗ ਕੀਤੀ ਗਈ ਸੀ ਅਤੇ ਹੁਣ ਦੀ ਸਰਕਾਰ ਨੂੰ ਵੀ ਆਈਐਮਏ ਦੇ ਵਫਦ ਨੇ ਮੁਲਾਕਾਤ ਕੀਤੀ। ਬਕਾਇਆ ਨਾ ਮਿਲਣ ਕਾਰਨ ਆਖਿਰਕਾਰ ਹਸਪਤਾਲ ਵੀ ਮਜਬੂਰ ਹੋ ਗਏ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਪ੍ਰਾਈਵੇਟ ਹਸਪਤਾਲਾਂ ਦਾ ਕਰੀਬ 300 ਕਰੋੜ ਬਕਾਇਆ ਖੜਾ ਹੈ।
ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਹੁਣ ਪੰਜਾਬ 'ਚ ਮਜ਼ਾਕ ਬਣ ਕੇ ਰਹਿ ਚੁੱਕੀ ਹੈ। ਇਸ ਸਿਹਤ ਬੀਮਾ ਯੋਜਨਾ ਤਹਿਤ ਪੰਜਾਬ ਸਰਕਾਰ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਪਿਛਲੇ 7-8 ਮਹੀਨਿਆਂ ਦੇ ਬਕਾਏ ਅਦਾ ਨਹੀਂ ਕਰ ਸਕੀ। ਇਸ ਕਾਰਨ ਪੀਜੀਆਈ ਚੰਡੀਗੜ੍ਹ ਹੁਣ ਪ੍ਰਾਈਵੇਟ ਹਸਪਤਾਲਾਂ ਨੇ ਵੀ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ। ਮਰੀਜਾਂ ਦੇ ਹੱਥ ਵਿੱਚ ਆਯੂਸ਼ਮਾਨ ਕਾਰਡ ਤਾਂ ਹੈ ਪਰ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ।