ਬਰਨਾਲਾ: ਭਦੌੜ-ਸਾਹਿਬ ਸੰਧੂ ਸ਼ਹਿਣਾ ਨਜ਼ਦੀਕ ਸਨਅਤੀ ਕਸਬੇ ਪੱਖੋਂ ਕੈਂਚੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਪਾਣੀ ਦੀਆਂ ਬੂੰਦਾਂ ਸੁੱਟਣ ਵਾਲਾ ਰੁੱਖ ਚਰਚਾ ਬਣਾਇਆ ਹੋਇਆ ਹੈ। ਹਾਲਤ ਇਹ ਹੈ ਕਿ ਕੁਝ ਪੌਦਿਆਂ ਨੂੰ ਲੋਕ ਦੂਰੋਂ ਨੇੜੇ ਆ ਮੱਥੇ ਟੇਕਣ ਲੱਗੇ ਤੇ ਚਮਤਕਾਰ ਮੰਨਣ ਲੱਗ ਪਏ ਹਨ। ਇਸ ਚਮਤਕਾਰ ਦੀ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪੋਲ ਖ਼ੋਲ੍ਹ ਦਿੱਤੀ ਹੈ। ਅਸਲੀਅਤ ਜਾਣਨ ਤੋਂ ਪਹਿਲਾਂ ਇਸ ਪੂਰੇ ਮਾਮਲੇ ਬਾਰੇ ਜਾਣ ਲੈਂਦੇ ਹਾਂ।
ਕੀ ਹੈ ਪੂਰਾ ਮਾਮਲਾ :
ਪੱਖੋਂ ਕੈਂਚੀਆਂ ਵਿੱਚ ਬਾਜਾਖਾਨਾ ਤੇ ਭਗਤਪੁਰਾ ਰੋਡ ਲਾਗੇ ਖੜ੍ਹੇ ਰੁੱਖ ਵਿੱਚੋਂ ਪਿਛਲੇ ਦਿਨਾਂ ਤੋਂ ਪਾਣੀ ਰਿਸ ਰਿਹਾ ਹੈ। ਇਹ ਕਦੇ ਮੀਂਹ ਦੀਆਂ ਬੂੰਦਾਂ ਵਾਂਗ ਡਿੱਗ ਰਿਹਾ ਹੈ। ਇਹ ਮਾਮਲਾ ਉਜਾਗਰ ਹੋਣ 'ਤੇ ਦੂਰੋਂ ਨੇੜਿਓਂ ਲੋਕ ਇਸ ਰੁੱਖ ਨੂੰ ਦੇਖਣ ਆ ਰਹੇ ਹਨ।
ਇਸ ਕਾਰਨ ਮੁੱਖ ਰੋਡ 'ਤੇ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਟਰਾਲੀਆਂ ਜੀਪਾਂ ਭਰ ਲੋਕ ਇੱਥੇ ਪਹੁੰਚ ਰਹੇ ਹਨ। ਜ਼ਿਆਦਾਤਰ ਅੰਧਵਿਸ਼ਵਾਸੀ ਲੋਕ ਇਸ ਨੂੰ ਕੁਦਰਤ ਦਾ ਚਮਤਕਾਰ ਮੰਨ ਰਹੇ ਹਨ। ਅਨਪੜ੍ਹ ਤਬਕਾ ਤਾਂ ਇਨ੍ਹਾਂ ਰੁੱਖਾਂ ਨੂੰ ਮੱਥੇ ਵੀ ਟੇਕਣ ਲੱਗ ਪਿਆ ਹੈ।
ਜ਼ਿਆਦਾ ਹੈਰਾਨੀ ਦੀ ਗੱਲ ਉਸ ਵੇਲੇ ਸਾਹਮਣੇ ਆਈ ਜਦ ਬਜ਼ੁਰਗ ਔਰਤਾਂ ਆਪਣੀਆਂ ਨੂੰਹਾਂ ਜਿਨ੍ਹਾਂ ਕੋਲ ਸੰਤਾਨ ਨਹੀਂ, ਉਨ੍ਹਾਂ ਨੂੰ ਰੁੱਖ ਥੱਲੇ ਮੱਥੇ ਟਿਕਾਉਣ ਲਿਆ ਰਹੀਆਂ ਹਨ। ਇਸ ਰੁੱਖ ਨੂੰ ਅਕਾਸ ਨਿੰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਕੀ ਹੈ ਕਾਰਨ-
ਇਸ ਪੂਰੇ ਮਾਮਲੇ ਬਾਰੇ ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਨੇ ਦੱਸਿਆ ਕਿ ਦਰਖਤਾਂ ਦੇ ਮੀਂਹ ਪਾਉਣ ਦਾ ਕੋਈ ਵਰਤਾਰਾ ਨਹੀਂ ਵਾਪਰ ਰਿਹਾ। ਸਗੋਂ ਉਲਟਾ ਇਸ ਇਲਾਕੇ ਵਿੱਚ ਦਰਖਤਾਂ ਉੱਤੇ ਇੱਕ ਵਿਸ਼ੇਸ਼ ਕਿਸਮ ਦੇ ਟਿੱਡੇ ਨੇ ਹਮਲਾ ਕੀਤਾ ਹੋਇਆ ਹੈ।
ਇਹ ਟਿੱਡਾ ਉੱਤੋਂ ਆਪਣਾ ਪਿਸ਼ਾਬ ਸਿੱਟ ਰਿਹਾ ਹੈ ਜੋ ਆਮ ਲੋਕਾਂ ਨੂੰ ਮੀਂਹ ਦੇ ਰੂਪ ਵਿੱਚ ਵਿਖਾਈ ਦਿੰਦਾ ਹੈ। ਮਿੱਤਰ ਨੇ ਲੋਕਾਂ ਨੂੰ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਲੋਕਾਂ ਨੂੰ ਹਰ ਘਟਨਾ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਸਮਝਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin