ਤੋਪ ਦੇ ਗੋਲਿਆਂ ਵਰਗੇ ਜਨਤਾ ਦੇ ਸਵਾਲ, ਕਿਤੇ ਹੱਥ ਜੋੜ ਤੇ ਕਿਤੇ ਥੱਪੜ ਜੜ ਜਵਾਬ ਦੇ ਰਹੇ ਲੀਡਰ
ਏਬੀਪੀ ਸਾਂਝਾ | 06 May 2019 01:18 PM (IST)
ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਨੂੰ ਜਨਤਾ ਦੇ ਸਵਾਲ ਜਾਰੀ ਹਨ। ਕੁਝ ਉਮੀਦਵਾਰ ਚੁੱਪ-ਚੁਪੀਤੇ ਖਿਸਕ ਕੇ ਖਹਿੜਾ ਛੁਡਾ ਰਹੇ ਹਨ ਤੇ ਕੁਝ ਹੱਥੋਪਾਈ ਤੱਕ ਵੀ ਜਾ ਰਹੇ ਹਨ। ਐਤਵਾਰ ਨੂੰ ਬਠਿੰਡਾ ਵਿੱਚ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਨੇ ਸਵਾਲ ਪੁੱਛਣ ਵਾਲੇ ਬਾਬੇ ਨੂੰ ਇਹ ਕਹਿ ਕਿ ਖਹਿੜਾ ਛੁਡਾਇਆ ਕਿ ਇਹ ਵੇਲਾ ਚੋਣਾਂ ਦਾ ਹੈ, ਸਵਾਲ ਪੁੱਛਣ ਦਾ ਨਹੀਂ। ਦੂਜੇ ਪਾਸੇ ਸੰਗਰੂਰ ਨੇੜੇ ਇੱਕ ਪਿੰਡ ਵਿੱਚ ਕਾਂਗਰਸੀ ਲੀਡਰ ਰਜਿੰਦਰ ਕੌਰ ਭੱਠਲ ਦਾ ਪਾਰਾ ਇੰਨਾ ਚੜ੍ਹ ਗਿਆ ਕਿ ਉਸ ਨੇ ਸਵਾਲ ਪੁੱਛਣ ਵਾਲੇ ਨੂੰ ਥੱਪੜ ਤੱਕ ਮਾਰ ਦਿੱਤਾ।
ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਨੂੰ ਜਨਤਾ ਦੇ ਸਵਾਲ ਜਾਰੀ ਹਨ। ਕੁਝ ਉਮੀਦਵਾਰ ਚੁੱਪ-ਚੁਪੀਤੇ ਖਿਸਕ ਕੇ ਖਹਿੜਾ ਛੁਡਾ ਰਹੇ ਹਨ ਤੇ ਕੁਝ ਹੱਥੋਪਾਈ ਤੱਕ ਵੀ ਜਾ ਰਹੇ ਹਨ। ਐਤਵਾਰ ਨੂੰ ਬਠਿੰਡਾ ਵਿੱਚ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਨੇ ਸਵਾਲ ਪੁੱਛਣ ਵਾਲੇ ਬਾਬੇ ਨੂੰ ਇਹ ਕਹਿ ਕਿ ਖਹਿੜਾ ਛੁਡਾਇਆ ਕਿ ਇਹ ਵੇਲਾ ਚੋਣਾਂ ਦਾ ਹੈ, ਸਵਾਲ ਪੁੱਛਣ ਦਾ ਨਹੀਂ। ਦੂਜੇ ਪਾਸੇ ਸੰਗਰੂਰ ਨੇੜੇ ਇੱਕ ਪਿੰਡ ਵਿੱਚ ਕਾਂਗਰਸੀ ਲੀਡਰ ਰਜਿੰਦਰ ਕੌਰ ਭੱਠਲ ਦਾ ਪਾਰਾ ਇੰਨਾ ਚੜ੍ਹ ਗਿਆ ਕਿ ਉਸ ਨੇ ਸਵਾਲ ਪੁੱਛਣ ਵਾਲੇ ਨੂੰ ਥੱਪੜ ਤੱਕ ਮਾਰ ਦਿੱਤਾ। ਦਰਅਸਲ ਹਰਸਿਮਰਤ ਬਾਦਲ ਨੂੰ ਬੇਅਦਬੀ ਤੇ ਉਸ ਨਾਲ ਜੁੜੇ ਗੋਲੀ ਕਾਂਡ ਬਾਰੇ ਕੀਤੇ ਗਏ ਸਵਾਲ ਨੇ ਭਾਜੜਾਂ ਪਾ ਦਿੱਤੀਆਂ। ਹਰਸਿਮਰਤ ਬਾਦਲ ਐਤਵਾਰ ਨੂੰ ਬਠਿੰਡਾ ਦੇ ਰੋਜ਼ ਗਾਰਡਨ ਵਿੱਚ ਪਹੁੰਚੇ ਸੀ। ਉੱਥੇ ਕਲੈਪਿੰਗ ਕਲੱਬ ਦੇ ਸੀਨੀਅਰ ਮੈਂਬਰ ਤੇ ਭੁੱਲਰ ਭਾਈਚਾਰੇ ਦੇ ਸੰਸਥਾਪਕ ਬਲਦੇਵ ਸਿੰਘ ਨੇ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਸਵਾਲ ਪੁੱਛ ਲਿਆ। ਹਰਸਿਮਰਤ ਨੇ ਕਿਹਾ ਕਿ ਇਹ ਵੇਲਾ ਚੋਣਾਂ ਦਾ ਹੈ, ਸਵਾਲ ਪੁੱਛਣ ਦਾ ਨਹੀਂ। ਇੰਨਾ ਕਹਿੰਦਿਆਂ ਹੀ ਉਹ ਖਿਸਕ ਗਏ। ਇਸੇ ਤਰ੍ਹਾਂ ਲੋਕ ਸਭਾ ਹਲਕਾ ਸੰਗਰੂਰ ਦੇ ਮੂਨਕ ਇਲਾਕੇ ਦੇ ਪਿੰਡ ਬੁਸ਼ੈਹਰਾ ਵਿੱਚ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਵਾਲ ਪੁੱਛਣ ਵਾਲੇ ਨੌਜਵਾਨ ਦੇ ਮੂੰਹ ’ਤੇ ਥੱਪੜ ਜੜ ਦਿੱਤਾ। ਭੱਠਲ ਪਿੰਡ ਬੁਸ਼ੈਹਰਾ ਵਿੱਚ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਮੇਤ ਚੋਣ ਪ੍ਰਚਾਰ ਕਰਨ ਪੁੱਜੇ ਸੀ। ਪਿੰਡ ਦੇ ਨੌਜਵਾਨ ਕੁਲਦੀਪ ਸਿੰਘ ਨੇ ਜਦੋਂ ਬੀਬੀ ਭੱਠਲ ਤੋਂ ਸਵਾਲ ਪੁੱਛਿਆ ਕਿ ਕਾਂਗਰਸ ਸਰਕਾਰ ਨੇ 25 ਸਾਲਾਂ ਵਿੱਚ ਕੀ ਕੀਤਾ ਹੈ। ਇਸ ਤੋਂ ਰੋਹ ਵਿੱਚ ਆਈ ਬੀਬੀ ਭੱਠਲ ਨੇ ਨੌਜਵਾਨ ਨੇ ਮੂੰਹ ਉਪਰ ਥੱਪੜ ਮਾਰ ਦਿੱਤਾ। ਇਸ ਤੋਂ ਇਲਾਵਾ ਹਰਸਿਮਰਤ ਬਾਦਲ ਲਈ ਚੋਣ ਪ੍ਰਚਾਰ ਕਰਨ ਲਈ ਉਨ੍ਹਾਂ ਦੇ ਭਰਾ ਬਿਕਰਮ ਮਜੀਠੀਆ ਪਿੰਡ ਅਕਲੀਆ ਪਹੁੰਚੇ ਤਾਂ ਏਕਨੂਰ ਖ਼ਾਲਸਾ ਫ਼ੌਜ ਦੇ ਸਿੱਖ ਕਾਰਕੁਨਾਂ ਨੇ ਗੁਰਦੁਆਰੇ ਦੇ ਸਪੀਕਰਾਂ ਰਾਹੀਂ ਅਨਾਊਂਸਮੈਂਟ ਕਰ ਦਿੱਤੀ ਕਿ ਮਜੀਠੀਆ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ। ਇਸ ’ਤੇ ਪੁਲਿਸ ਪ੍ਰਸ਼ਾਸਨ ਨੇ ਪਿੰਡ ਅਕਲੀਆ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਇਸ ਮਗਰੋਂ ਮਜੀਠੀਆ ਜਦੋਂ ਭਾਸ਼ਣ ਸਮਾਪਤ ਕਰਕੇ ਪਿੰਡ ਰੜ੍ਹ ਵੱਲ ਜਾਣ ਲੱਗੇ ਤਾਂ ਅਕਲੀਆ ਤੋਂ ਰੜ੍ਹ ਜਾਣ ਵਾਲੀ ਲਿੰਕ ਸੜਕ ’ਤੇ ਸਿੱਖ ਕਾਰਕੁਨਾਂ ਨੇ ਕਾਲੀਆਂ ਝੰਡੀਆਂ ਨਾਲ ਮਜੀਠੀਆ ਦੀ ਕਾਰ ਅੱਗੇ ਹੋ ਕੇ ਨਾਅਰੇ ਲਾਉਂਦਿਆਂ ਵਿਰੋਧ ਕੀਤਾ।