Punjab News: ਹੁਸ਼ਿਆਰਪੁਰ 'ਚ ਪਾਣੀ ਦਾ ਪੱਧਰ ਚੈੱਕ ਕਰਨ ਆਇਆ ਵਿਅਕਤੀ ਰੁੜ੍ਹ ਗਿਆ। ਵਿਅਕਤੀ ਦੀ ਪਛਾਣ ਮਹਿੰਦਰਪਾਲ ਸਿੰਘ ਵਾਸੀ ਆਲਮਪੁਰ ਵਜੋਂ ਹੋਈ ਹੈ। ਭਾਖੜਾ ਡੈਮ ਤੋਂ ਪਾਣੀ ਛੱਡਣ ਦੀਆਂ ਅਟਕਲਾਂ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਡੈਮ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ। ਦੁਪਹਿਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਭਾਖੜਾ ਡੈਮ ਦਾ ਦੌਰਾ ਕਰਨਗੇ।
ਪਟਿਆਲਾ ਵਿੱਚ ਪਿੰਡ ਡੁੱਬਿਆ
ਇਸ ਦੇ ਨਾਲ ਹੀ ਘੱਗਰ ਦਰਿਆ ਵੀ ਤਬਾਹੀ ਮਚਾ ਰਿਹਾ ਹੈ। ਦਰਿਆ ਦੇ ਤੇਜ਼ ਹੋਣ ਤੋਂ ਬਾਅਦ ਸ਼ਨੀਵਾਰ ਅੱਧੀ ਰਾਤ ਨੂੰ ਪਟਿਆਲਾ ਦੇ ਪਿੰਡਾਂ ਵਿੱਚ ਪਾਣੀ ਨੇ ਤਬਾਹੀ ਮਚਾਈ। ਖੇਤਾਂ ਅਤੇ ਫ਼ਸਲਾਂ ਵਿੱਚ ਪਾਣੀ ਭਰ ਗਿਆ। ਪਟਿਆਲਾ ਦੇ ਭਾਗਪੁਰ ਅਤੇ ਨੇੜਲੇ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਕੀਤੇ ਜਾਣ ਕਾਰਨ ਸਥਿਤੀ ਕਾਬੂ ਹੇਠ ਰਹੀ।
ਆਨੰਦਪੁਰ ਸਾਹਿਬ 'ਚ ਧੁੱਸੀ ਬੰਨ੍ਹ ਟੁੱਟਿਆ
ਦੂਜੇ ਪਾਸੇ ਆਨੰਦਪੁਰ ਸਾਹਿਬ ਦੇ ਪਿੰਡ ਹਰੀਏਵਾਲ ਵਿੱਚ ਸਤਲੁਜ ’ਤੇ ਬਣਿਆ ਧੁੱਸੀ ਬੰਨ੍ਹ ਟੁੱਟ ਗਿਆ। ਜਿਸ ਤੋਂ ਬਾਅਦ ਪਿੰਡ ਦੇ ਖੇਤ ਪਾਣੀ ਨਾਲ ਭਰ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡਡਵਾ ਵਿੱਚ ਰਾਤ ਨੂੰ ਸਭ ਤੋਂ ਪਹਿਲਾਂ ਪਾਣੀ ਚੜ੍ਹਿਆ।
ਫਿਰੋਜ਼ਪੁਰ ਵਿੱਚ ਵੀ ਪਾਣੀ ਦਾ ਪੱਧਰ ਵਧਿਆ
ਫਿਰੋਜ਼ਪੁਰ ਵਿੱਚ ਵੀ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਸਵੇਰੇ 8 ਵਜੇ ਹਰੀਕੇ ਹੈੱਡ ਤੋਂ ਹੁਸੈਨੀਵਾਲਾ ਹੈੱਡ ਵੱਲ 81338 ਕਿਊਸਿਕ ਪਾਣੀ ਛੱਡਿਆ ਗਿਆ, ਜਦਕਿ ਹੁਸੈਨੀਵਾਲਾ ਹੈੱਡ ਤੋਂ ਪਾਕਿਸਤਾਨ ਵੱਲ 76580 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਦੂਜੇ ਪਾਸੇ ਸਰਦੂਲਗੜ੍ਹ ਦੇ ਕਈ ਪਿੰਡ ਅਜੇ ਵੀ ਪਾਣੀ ਦੀ ਮਾਰ ਹੇਠ ਹਨ। ਸਾਧੂਗੜ੍ਹ ਵਿੱਚ ਪਾਣੀ ਥੋੜ੍ਹਾ ਘੱਟ ਗਿਆ ਹੈ ਪਰ ਫਿਰ ਵੀ ਇਹ ਪਿੰਡ ਚਾਰੋਂ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਹੈ। ਇੱਥੋਂ ਦੇ ਲੋਕਾਂ ਨੂੰ ਹੁਣ ਸਹਾਰੇ ਅਤੇ ਮਦਦ ਦੀ ਲੋੜ ਹੈ, ਜਿਸ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਹਨ।
ਅੱਜ ਕਿਹੋ ਜਿਹਾ ਰਹੇਗਾ ਮੌਸਮ
ਪਿਛਲੇ ਦਿਨ ਸੂਬੇ ਦੇ ਅੱਧੇ ਤੋਂ ਵੱਧ ਹਿੱਸਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਅੱਜ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਅੱਜ ਨਾ ਤਾਂ ਪੰਜਾਬ ਅਤੇ ਨਾ ਹੀ ਹਰਿਆਣਾ 'ਚ ਮੌਸਮ ਵਿਭਾਗ ਨੇ ਬਾਰਿਸ਼ ਦੀ ਕੋਈ ਚਿਤਾਵਨੀ ਦਿੱਤੀ ਹੈ, ਜਿਸ ਕਾਰਨ ਪਿਛਲੇ ਦਿਨੀਂ ਦਰਿਆਵਾਂ ਦੇ ਪਾਣੀ ਦਾ ਪੱਧਰ ਥੋੜ੍ਹਾ ਘੱਟ ਹੋਣ ਦੀ ਸੰਭਾਵਨਾ ਹੈ।