Pilibhit Encounter: ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਐਨਕਾਊਂਟਰ ਮਗਰੋਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੰਜਾਬ ਲਿਆ ਰਹੀ ਐਂਬੂਲੈਂਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਐਂਬੂਲੈਂਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਐਂਬੂਲੈਂਸ ਨਾਲ ਟੱਕਰ ਦੀ ਘਟਨਾ ਮੰਗਲਵਾਰ ਰਾਤ ਨੂੰ ਰਾਮਪੁਰ ਬਾਈਪਾਸ ’ਤੇ ਵਾਪਰੀ। ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਐਂਬੂਲੈਂਸ ਖਰਾਬ ਹੋ ਗਈ। ਇਸ ਤੋਂ ਬਾਅਦ ਲਾਸ਼ਾਂ ਨੂੰ ਕਿਸੇ ਹੋਰ ਵਾਹਨ ‘ਚ ਲਿਜਾਇਆ ਗਿਆ।
ਪੁਲਿਸ ਮੁਤਾਬਕ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ ਤਿੰਨ ਸ਼ੱਕੀ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਨੂੰ ਪੰਜਾਬ ਲੈ ਕੇ ਜਾ ਰਹੀ ਐਂਬੂਲੈਂਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਪੰਜਾਬ ਦੇ ਗੁਰਦਾਸਪੁਰ ਵਿੱਚ ਹੋਏ ਗ੍ਰਨੇਡ ਹਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਤਿੰਨ ਸ਼ੱਕੀ ਦਹਿਸ਼ਤਗਰਦ ਯੂਪੀ ਦੇ ਜ਼ਿਲ੍ਹਾ ਪੀਲੀਭੀਤ ਵਿੱਚ ਉੱਤਰ ਪ੍ਰਦੇਸ਼ ਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨਾਲ ਹੋਏ ਮੁਕਾਬਲੇ ਵਿੱਚ ਮਾਰੇ ਗਏ ਸਨ।
ਰਾਮਪੁਰ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਵਿਦਿਆਸਾਗਰ ਮਿਸ਼ਰਾ ਨੇ ਦੱਸਿਆ ਕਿ ਪੀਲੀਭੀਤ ਤੋਂ ਤਿੰਨ ਸ਼ੱਕੀ ਦਹਿਸ਼ਤਗਰਦਾਂ ਦੀਆਂ ਲਾਸ਼ਾਂ ਨੂੰ ਲੈ ਕੇ ਪੰਜਾਬ ਜਾ ਰਹੀ ਐਂਬੂਲੈਂਸ ਨੂੰ ਮੰਗਲਵਾਰ ਦੇਰ ਰਾਤ ਰਾਮਪੁਰ ਬਾਈਪਾਸ ’ਤੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਰਾਮਪੁਰ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਨੁਕਸਾਨੇ ਵਾਹਨ ਤੋਂ ਦੂਜੀ ਐਂਬੂਲੈਂਸ ‘ਚ ਲਿਜਾਇਆ ਗਿਆ।
ਸੂਤਰਾਂ ਮੁਤਾਬਕ ਐਂਬੂਲੈਂਸ ਹਾਦਸੇ ਦਾ ਸ਼ਿਕਾਰ ਹੋਣ ਮਾਗਰੋਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਮਗਰੋਂ ਸਿਵਲ ਲਾਈਨ ਤੇ ਸ਼ਹਿਜ਼ਾਦਨਗਰ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ। ਕਰੀਬ 45 ਮਿੰਟ ਬਾਅਦ ਜਦੋਂ ਦੂਜੀ ਐਂਬੂਲੈਂਸ ਪਹੁੰਚੀ ਤਾਂ ਲਾਸ਼ਾਂ ਤੇ ਨਾਲ ਆਈ ਪੁਲਿਸ ਟੀਮ ਨੂੰ ਅੱਗੇ ਰਵਾਨਾ ਕਰ ਦਿੱਤਾ ਗਿਆ। ਇਹ ਹਾਦਸਾ ਅਜੀਤਪੁਰ ਬਾਈਪਾਸ 'ਤੇ ਵਾਪਰਿਆ। ਦਰਅਸਲ, ਇਹ ਜਗ੍ਹਾ ਸਿਵਲ ਲਾਈਨ ਤੇ ਸ਼ਹਿਜ਼ਾਦਪੁਰ ਥਾਣੇ ਦੀ ਹੱਦ 'ਤੇ ਹੈ। ਇਸ ਕਾਰਨ ਦੋਵਾਂ ਥਾਣਿਆਂ ਦੀ ਪੁਲਿਸ ਚੌਕਸ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸਾ ਮੰਗਲਵਾਰ ਰਾਤ ਕਰੀਬ 11:45 ਵਜੇ ਵਾਪਰਿਆ।
ਪੁਲਿਸ ਮੁਤਾਬਕ ਸਾਹਮਣੇ ਤੋਂ ਆ ਰਹੇ ਵਾਹਨ ਨੇ ਮ੍ਰਿਤਕ ਦੇਹਾਂ ਨੂੰ ਪੰਜਾਬ ਦੇ ਗੁਰਦਾਸਪੁਰ ਲਿਜਾ ਰਹੀ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਐਂਬੂਲੈਂਸ ਦਾ ਰੇਡੀਏਟਰ ਫਟ ਗਿਆ। ਇਸ ਤੋਂ ਪਹਿਲਾਂ ਪੀਲੀਭੀਤ ਤੋਂ ਰਾਤ 8 ਵਜੇ ਦੇ ਕਰੀਬ ਪੋਸਟਮਾਰਟਮ ਤੋਂ ਬਾਅਦ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੰਜਾਬ ਭੇਜਿਆ ਗਿਆ। ਪਰਿਵਾਰਕ ਮੈਂਬਰ ਪੰਜਾਬ ਐਡੀਸ਼ਨਲ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਲਾਸ਼ ਲੈ ਕੇ ਰਵਾਨਾ ਹੋਏ।