ਬਰਨਾਲਾ : ਕਾਂਗਰਸ ਪਾਰਟੀ 'ਚੋਂ ਕੱਢੇ ਜਾਣ ਤੋਂ ਬਾਅਦ ਭਦੌੜ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਮੀਡੀਆ ਸਾਹਮਣੇ ਆਏ ਹਨ। ਪਿਰਮਲ ਨੇ ਰਾਜਾ ਵੜਿੰਗ ਦੇ ਫੈਸਲੇ ਨੂੰ ਪਾਰਟੀ ਦੇ ਸੰਵਿਧਾਨ ਦੇ ਖਿਲਾਫ਼ ਦੱਸਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਕੋਈ ਨੋਟਿਸ ਜਾਂ ਕੱਢਣ ਦਾ ਕੋਈ ਪੱਤਰ ਨਹੀਂ ਮਿਲਿਆ, ਇਹ ਜਾਣਕਾਰੀ ਸੋਸ਼ਲ ਮੀਡੀਆ ਤੋਂ ਮਿਲੀ ਹੈ। ਸਾਬਕਾ ਵਿਧਾਇਕ ਪਿਰਮਲ ਨੇ ਪੱਤਰ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਪੱਤਰ 'ਤੇ ਤਿੰਨ ਮਹੀਨੇ ਪਹਿਲਾਂ ਦੀ ਤਾਰੀਕ ਦਰਜ ਹੈ ਅਤੇ ਹੁਣ ਫੈਸਲਾ ਜਨਤਕ ਕਰਨ 'ਤੇ ਆਸ਼ੰਕਾ ਜਤਾਈ ਹੈ।


 

ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਮੈਨੂੰ ਮੇਰੇ ਇੱਕ ਸਾਥੀ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਮੈਨੂੰ ਪਾਰਟੀ ਵਿੱਚੋਂ ਕੱਢਣ ਸਬੰਧੀ ਅਜਿਹਾ ਪੱਤਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੰਵਿਧਾਨ ਅਨੁਸਾਰ ਪਾਰਟੀ ਵਿਰੋਧੀ ਗਤੀਵਿਧੀ ਵਾਲੇ ਵਿਅਕਤੀ ਨੂੰ ਕਾਰਵਾਈ ਕਰਨ ਤੋਂ ਪਹਿਲਾਂ ਨੋਟਿਸ ਦਿੱਤਾ ਜਾਂਦਾ ਹੈ ਪਰ ਮੈਨੂੰ ਅਜਿਹਾ ਕੋਈ ਨੋਟਿਸ ਦੇਣ ਦੀ ਬਜਾਏ ਸਿੱਧੇ ਤੌਰ 'ਤੇ ਪਾਰਟੀ 'ਚੋਂ ਕੱਢਣ ਦਾ ਪੱਤਰ ਜਾਰੀ ਕਰ ਦਿੱਤਾ ਗਿਆ, ਜੋ ਕਿ ਪਾਰਟੀ ਦੇ ਸੰਵਿਧਾਨ ਦੇ ਖਿਲਾਫ ਹੈ। 

 


ਉਲਟਾ ਪਾਰਟੀ ਉਮੀਦਵਾਰਾਂ ਦੇ ਖਿਲਾਫ਼ ਆਪਣੇ ਪਰਿਵਾਰਕ ਮੈਂਬਰਾਂ ਨੂੰ ਚੋਣ ਲੜਾਉਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਘਰਾਂ ਵਿੱਚ ਬੈਠੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਮੁੜ ਪਾਰਟੀ ਨਾਲ ਜੋੜਨ ਵਾਲੇ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਇਸ ਤਰ੍ਹਾਂ ਪਾਰਟੀ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਸਾਬਕਾ ਵਿਧਾਇਕ ਧੌਲਾ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਪਾਰਟੀ ਪ੍ਰਧਾਨ ਦਾ ਕੋਈ ਪੱਤਰ ਨਹੀਂ ਮਿਲਿਆ, ਜਦਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਅਜਿਹੀ ਜਾਣਕਾਰੀ ਮਿਲ ਰਹੀ ਹੈ। 

 

ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪਾਰਟੀ ਲਈ ਕੰਮ ਕਰ ਰਹੇ ਹਨ। ਦੋ ਦਿਨ ਪਹਿਲਾਂ ਸੁਖਪਾਲ ਖਹਿਰਾ ਨਾਲ ਕਿਸਾਨ ਮਜ਼ਦੂਰ ਸੈੱਲ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਪਾਰਟੀ ਵੱਲੋਂ ਪੱਤਰ ਕੱਢਣ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਇਸ ਪੱਤਰ ’ਤੇ ਤਿੰਨ ਮਹੀਨੇ ਪਹਿਲਾਂ ਦੀ ਤਰੀਕ ਹੈ ਜਦਕਿ ਹੁਣ ਇਸ ਨੂੰ ਜਾਰੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪਿਰਮਲ ਧੌਲਾ ਨੇ ਕਿਹਾ ਕਿ ਇਸ ਸਬੰਧੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਦੇ ਫੋਨ ਆਏ ਹਨ ਅਤੇ ਪਾਰਟੀ ਪ੍ਰਧਾਨ ਦੇ ਇਸ ਫੈਸਲੇ ਖਿਲਾਫ ਪਾਰਟੀ ਹਾਈਕਮਾਂਡ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ ਹੈ।

 

ਸੰਗਰੂਰ ਜਿਮਨੀ ਚੋਣ ਵਿੱਚ ਭਾਗ ਨਾ ਲੈਣ ਬਾਰੇ ਪਿਰਮਲ ਸਿੰਘ ਧੌਲਾ ਨੇ ਕਿਹਾ ਕਿ ਉਹ ਨਿੱਜੀ ਕਾਰਨਾਂ ਕਰਕੇ ਚੋਣ ਵਿੱਚ ਹਿੱਸਾ ਨਹੀਂ ਲੈ ਸਕੇ ਪਰ ਪਾਰਟੀ ਨੇ ਕਦੇ ਵੀ ਉਨ੍ਹਾਂ ਨਾਲ ਉਨ੍ਹਾਂ ਦੀ ਸਮੱਸਿਆ ਬਾਰੇ ਗੱਲ ਨਹੀਂ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰਧਾਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਾ ਬਰਨਾਲਾ ਜ਼ਿਲ੍ਹਾ ਪ੍ਰਧਾਨ ਖ਼ੁਦ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਿਹਾ ਹੈ, ਜੋ ਗ੍ਰਾਮ ਪੰਚਾਇਤਾਂ ਦੇ ਫੰਡਾਂ ਨੂੰ ਲੈ ਕੇ ਪ੍ਰੇਸ਼ਾਨ ਕਰ ਰਹੇ ਹਨ। ਜਿਸ ਦੇ ਖਿਲਾਫ ਪਾਰਟੀ ਨੂੰ ਕਾਰਵਾਈ ਕਰਨੀ ਚਾਹੀਦੀ ਸੀ। 

 

ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਦੱਸਿਆ ਕਿ ਵੱਖ-ਵੱਖ ਪਾਰਟੀਆਂ ਵੱਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਰ ਉਹ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਉਹ ਸੂਬਾ ਪ੍ਰਧਾਨ ਦੇ ਇਸ ਫੈਸਲੇ ਖਿਲਾਫ ਪਾਰਟੀ ਹਾਈਕਮਾਂਡ ਤੱਕ ਪਹੁੰਚ ਕਰਨਗੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਰਾਹੁਲ ਗਾਂਧੀ ਦੇਸ਼ ਭਰ ਵਿੱਚ ਭਾਰਤ ਜੋੜੋ ਮੁਹਿੰਮ ਚਲਾ ਰਹੇ ਹਨ, ਦੂਜੇ ਪਾਸੇ ਰਾਜਾ ਵੜਿੰਗ ਪੰਜਾਬ ਵਿੱਚ ਪਾਰਟੀ ਲਈ ਕੰਮ ਕਰਨ ਵਾਲੇ ਆਗੂਆਂ ਨੂੰ ਬਿਨਾਂ ਕਿਸੇ ਕਾਰਨ ਤੋਂ ਕੱਢ ਰਹੇ ਹਨ, ਜੋ ਕਿ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੂੰ ਇਸ ਦੀ ਜਾਣਕਾਰੀ ਹੋਣੀ ਚਾਹੀਏ।

 


 ਇਸ ਸਬੰਧ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਨੇ ਕਿਹਾ ਕਿ ਸੰਗਰੂਰ ਜਿਮਨੀ ਚੋਣ ਵਿੱਚ ਪਾਰਟੀ ਦੇ ਸਾਰੇ ਵਰਕਰਾਂ ਅਤੇ ਆਗੂਆਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਇਸ ਚੋਣ ਵਿੱਚ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੂੰ ਵੀ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੇ ਨਿਯੁਕਤ ਕੀਤਾ ਸੀ ਪਰ ਉਨ੍ਹਾਂ ਨੇ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਕੋਈ ਕੰਮ ਨਹੀਂ ਕੀਤਾ। ਜਿਸ ਕਾਰਨ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਪਾਰਟੀ ਵਿਰੋਧੀ ਗਤੀਵਿਧੀ ਲਈ ਤਿੰਨ ਮਹੀਨੇ ਪਹਿਲਾਂ ਕੱਢ ਦਿੱਤਾ ਗਿਆ ਸੀ, ਜਿਸ ਦਾ ਪਤਾ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੂੰ ਸੀ ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਚੰਡੀਗੜ੍ਹ ਪਾਰਟੀ ਦੀਆਂ ਦਫ਼ਤਰੀ ਮੀਟਿੰਗਾਂ ਵਿੱਚ ਸ਼ਮੂਲੀਅਤ ਕੀਤੀ ਹੈ, ਜੋ ਕਿ ਗਲਤ ਹੈ।