Shaheed Bhagat Singh: ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰ ਨੇਤਾਵਾਂ ਨੇ ਸ਼ਹੀਦੀ ਦਿਵਸ 'ਤੇ ਮਹਾਨ ਨਾਇਕਾਂ ਨੂੰ ਯਾਦ ਕੀਤਾ। ਸ਼ਹੀਦਾਂ ਦੇ ਸਰਵਉੱਚ ਬਲੀਦਾਨ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝਾ ਕੀਤਾ। 

ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਪੀਐਮ ਮੋਦੀ ਨੇ ਕਿਹਾ ਕਿ ਅੱਜ ਸਾਡਾ ਦੇਸ਼ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸਰਵਉੱਚ ਬਲੀਦਾਨ ਨੂੰ ਯਾਦ ਕਰ ਰਿਹਾ ਹੈ। 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸ਼ਹੀਦੀ ਦਿਵਸ 'ਤੇ, ਮੈਂ ਭਾਰਤ ਮਾਤਾ ਦੇ ਅਮਰ ਸਪੂਤਾਂ, ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਇਨ੍ਹਾਂ ਤਿੰਨਾਂ ਦੇ ਨਾਮ ਉਨ੍ਹਾਂ ਕ੍ਰਾਂਤੀਕਾਰੀਆਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਜਿਨ੍ਹਾਂ ਨੇ ਭਾਰਤ ਮਾਤਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਨ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਮੈਂ 'ਸ਼ਹੀਦ ਦਿਵਸ' 'ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਆਪਣੀ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ,  ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਕੁਰਬਾਨੀ, ਜਿਨ੍ਹਾਂ ਨੇ ਆਪਣੀ ਬਹਾਦਰੀ ਤੇ ਗਤੀਸ਼ੀਲ ਸੋਚ ਰਾਹੀਂ ਨੌਜਵਾਨਾਂ ਨੂੰ ਦੇਸ਼ ਭਗਤੀ ਨਾਲ ਪ੍ਰੇਰਿਤ ਕੀਤਾ ਤੇ ਦੇਸ਼ ਵਿਆਪੀ ਆਜ਼ਾਦੀ ਅੰਦੋਲਨ ਨੂੰ ਪ੍ਰਜਵਲਿਤ ਕੀਤਾ, ਦੇਸ਼ ਵਾਸੀਆਂ ਨੂੰ ਯੁੱਗਾਂ ਤੱਕ ਇਹ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ ਕਿ 'ਰਾਸ਼ਟਰੀ ਹਿੱਤ ਸਭ ਤੋਂ ਉੱਪਰ ਹੈ'।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ਜੰਗ-ਏ-ਆਜ਼ਾਦੀ ਦੇ ਮਹਾਨਾਇਕ ਸ਼ਹੀਦ-ਏ-ਆਜ਼ਾਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ। ਸਾਡੇ ਅਣਖੀ ਯੋਧਿਆਂ ਨੇ ਦੇਸ਼ ਦੀ ਆਜ਼ਾਦੀ ਲਈ ਫ਼ਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਹੱਸ ਕੇ ਸ਼ਹਾਦਤ ਦਾ ਜਾਮ ਪੀਤਾ। ਇਹ ਮਹਾਨ ਸ਼ਹੀਦੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਨਕਲਾਬ ਜ਼ਿੰਦਾਬਾਦ..