Alert in Punjab: ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ-ਹਰਿਆਣਾ ਦੌਰੇ 'ਤੇ ਹਨ ਪਰ ਇਸ ਤੋਂ ਪਹਿਲਾਂ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨਪੁਟ ਮੁਤਾਬਕ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐੱਸਆਈਐੱਸ ਵੱਲੋਂ ਚੰਡੀਗੜ੍ਹ ਅਤੇ ਮੋਹਾਲੀ 'ਚ ਦਹਿਸ਼ਤ ਫੈਲਾ ਬੱਸ ਸਟੈਂਡਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਨੂੰ ਲੈ ਕੇ ਕੇਂਦਰੀ ਖੂਫੀਆ ਏਜੰਸੀਆਂ ਵੱਲੋਂ ਪੰਜਾਬ ਸਰਕਾਰ ਨੂੰ ਅਲਰਟ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਰਕਾਰ ਨੇ ਚੌਕਸੀ ਵਧਾ ਦਿੱਤੀ ਹੈ। ਪੀਐੱਮ ਮੋਦੀ ਦੇ ਦੌਰੇ ਤੋਂ ਪਹਿਲਾਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ ਮੋਹਾਲੀ 'ਚ 7 ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੁਹਾਲੀ-ਚੰਡੀਗੜ੍ਹ ਨਾਲ ਲੱਗਦੇ ਨਿਊ ਚੰਡੀਗੜ੍ਹ ਦੇ ਦੌਰੇ 'ਤੇ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਇੱਥੇ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ।ਗੁਆਂਢੀ ਸੂਬਿਆਂ ਦੇ ਕੈਂਸਰ ਮਰੀਜ਼ਾਂ ਲਈ ਵੀ ਇਹ ਕੇਂਦਰ ਵਰਦਾਨ ਸਾਬਿਤ ਹੋਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਲਈ ਪੰਜਾਬ ਆਏ ਸਨ।
ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਸੁਰੱਖਿਆ ਦੇ ਪੁਖਤ ਪ੍ਰਬੰਧ ਕੀਤੇ ਗਏ ਹਨ।ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀਆਂ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ।ਪ੍ਰਧਾਨ ਮੰਤਰੀ ਦੇ ਪਿਛਲੇ ਦੌਰੇ ਦੌਰਾਨ ਸੁਰੱਖਿਆ 'ਚ ਸੇਂਧ ਤੋਂ ਸਬਕ ਲੈਂਦੇ ਹੋਏ ਸੂਬੇ ਦੀ ਪੁਲਿਸ ਨੇ ਫਾਈਵ ਲੇਅਰ ਸਕਿਓਰਿਟੀ ਪਲਾਨ 'ਚ 7 ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ।
ਇਸ ਤੋਂ ਇਲਾਵਾ 23 ਅਤੇ 24 ਅਗਸਤ ਨੂੰ ਮੁੱਲਾਂਪੁਰ ਦੇ ਕਰੀਬ 3 ਤੋਂ 5 ਕਿਲੋਮੀਟਰ ਦੇ ਦਾਇਰੇ 'ਚ ਕਿਸੇ ਵੀ ਜੱਥੇਬੰਦੀ ਦੇ ਪ੍ਰਦਰਸ਼ਨ ਕਰਨ 'ਤੇ ਰੋਕ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨਿਊ ਚੰਡੀਗੜ੍ਹ ਤੋਂ ਸਿਸਵਾਂ ਸੜਕ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਚੱਲ ਰਿਹਾ ਸੀ।
ਪ੍ਰਧਾਨ ਮੰਤਰੀ ਦੀ ਆਮਦ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਸ ਵੱਲੋਂ ਹੁਣ ਤੋਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪਿਛਲੀ ਵਾਰ ਦੇ ਦੌਰੇ ਦੌਰਾਨ ਸੁਰੱਖਿਆ 'ਚ ਸੇਂਧ ਦੇ ਕਾਰਨ ਪ੍ਰਧਾਨ ਮੰਤਰੀ ਮੋਦੀ ਨੂੰ ਅੱਧ ਵਿਚਕਾਰ ਹੀ ਦਿੱਲੀ ਪਰਤਣਾ ਪਿਆ ਸੀ। ਉਨ੍ਹਾਂ ਦੇ ਕਾਫ਼ਲੇ ਨੂੰ ਵਿਚਕਾਰਲੀ ਸੜਕ 'ਤੇ ਕੁੱਝ ਸਮੇਂ ਲਈ ਰੁਕਣਾ ਪਿਆ ਸੀ।