Punjab News: ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਰਾਜਜੀਤ ਸਿੰਘ ਲੰਬੇ ਸਮੇਂ ਤੋਂ ਫਰਾਰ ਹਨ। ਹੁਣ ਰਾਜਜੀਤ ਸਿੰਘ ਨੂੰ ਪਨਾਹ ਦੇਣ ਵਾਲੇ ਲੋਕਾਂ 'ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਰਾਜਜੀਤ ਸਿੰਘ ਅਜੇ ਫਰਾਰ ਹੈ। ਉਸ ਨੂੰ ਪਨਾਹ ਦੇਣ ਵਾਲੀਆਂ ਕਈ ਤਾਕਤਾਂ ਹੋ ਸਕਦੀਆਂ ਹਨ।


ਕੰਗ ਨੇ ਕਿਹਾ ਕਿ ਰਾਜਜੀਤ ਸਿੰਘ ਦਾ ਡਰੱਗ ਮਾਫੀਆ ਨਾਲ ਗਠਜੋੜ ਵੱਡੇ ਪੱਧਰ 'ਤੇ ਸਾਹਮਣੇ ਆ ਰਿਹਾ ਹੈ। ਇਸ ਮਾਮਲੇ ਵਿੱਚ ਸਰਕਾਰ ਵੱਲੋਂ ਰਾਜਜੀਤ ਸਿੰਘ ਨੂੰ ਬਖਸ਼ਿਆ ਨਹੀਂ ਜਾਵੇਗਾ। ਕੰਗ ਨੇ ਕਿਹਾ ਕਿ ਕਾਨੂੰਨ ਦੇ ਹੱਥ ਲੰਬੇ ਹਨ, ਬਹੁਤ ਜਲਦ ਰਾਜਜੀਤ ਸਿੰਘ ਅਤੇ ਉਸ ਨਾਲ ਜੁੜੇ ਹੋਰ ਰਾਜ਼ ਸਾਹਮਣੇ ਆ ਜਾਣਗੇ।


ਰਾਜਜੀਤ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ


ਦੱਸ ਦੇਈਏ ਕਿ ਪਿਛਲੇ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਸਾਬਕਾ ਏਆਈਜੀ ਰਾਜਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਅਦਾਲਤ ਨੇ ਵਾਰੰਟ ਵੀ ਜਾਰੀ ਕੀਤੇ ਹਨ। ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਦਿੱਲੀ, ਮੁਹਾਲੀ ਅਤੇ ਸ੍ਰੀਗੰਗਾਨਗਰ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ।


ਰਾਜਜੀਤ ਸਿੰਘ ਦੇ ਕਰੀਬੀਆਂ 'ਤੇ ਵੀ ਨਜ਼ਰ


ਸਾਬਕਾ ਏਆਈਜੀ ਰਾਜਜੀਤ ਸਿੰਘ ਦੇ ਕਰੀਬੀ ਰਿਸ਼ਤੇਦਾਰਾਂ ’ਤੇ ਵੀ ਪੁਲਿਸ ਲਗਾਤਾਰ ਨਜ਼ਰ ਰੱਖ ਰਹੀ ਹੈ। ਉਸ ਦੇ ਕਈ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਮਾਲ ਵਿਭਾਗ ਤੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਵਿਜੀਲੈਂਸ ਟੀਮ ਵੀ ਜਾਂਚ 'ਚ ਲੱਗੀ ਹੋਈ ਹੈ। ਕੁਝ ਦਿਨ ਪਹਿਲਾਂ ਰਾਜਜੀਤ ਸਿੰਘ ਦੇ ਇੱਕ ਬੈਂਕ ਲਾਕਰ ਬਾਰੇ ਵੀ ਜਾਣਕਾਰੀ ਮਿਲੀ ਸੀ।


ਏਆਈਜੀ ਰਾਜਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ


ਦੱਸ ਦੇਈਏ ਕਿ ਏਆਈਜੀ ਰਾਜਜੀਤ ਸਿੰਘ ਨੂੰ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਦੇ ਦੋਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਪਹਿਲਾਂ ਹੀ ਬਰਖਾਸਤ ਕਰ ਚੁੱਕੀ ਹੈ। ਏਆਈਜੀ ਰਾਜਜੀਤ ਸਿੰਘ ਦਾ ਨਾਂ ਹਾਈ ਕੋਰਟ ਦੀ ਰਿਪੋਰਟ ਵਿੱਚ ਆਇਆ ਸੀ। ਇਸ ਤੋਂ ਬਾਅਦ ਏਆਈਜੀ ਦੀ ਜਾਇਦਾਦ ਦੀ ਜਾਂਚ ਦੇ ਹੁਕਮ ਦਿੱਤੇ ਗਏ। ਉਦੋਂ ਤੋਂ ਰਾਜਜੀਤ ਸਿੰਘ ਫਰਾਰ ਹੈ।