ਹੁਸ਼ਿਆਰਪੁਰ: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੁਲਿਸ ਨੇ ਕੱਲ੍ਹ ਹੁਸ਼ਿਆਰਪੁਰ ਤੋਂ ਲਾਰੈਂਸ ਬਿਸ਼ਨੋਈ ਦੇ ਸਾਥੀ ਗੁਰਵਿੰਦਰ ਸਿੰਘ ਉਰਫ਼ ਗੋਰਾ ਤੋਂ ਪੁੱਛਗਿੱਛ ਕੀਤੀ ਹੈ। ਗੋਰਾ (ਗੁਰਵਿੰਦਰ ਸਿੰਘ) ਗੋਲਡੀ ਬਰਾੜ ਦਾ ਜੀਜਾ ਹੈ। ਪੁਲਿਸ ਨੇ ਗੋਰੇ ਤੋਂ ਪੁੱਛਗਿੱਛ ਲਈ ਬੀਤੀ ਰਾਤ ਅਦਾਲਤ ਤੋਂ 2 ਦਿਨ ਦਾ ਰਿਮਾਂਡ ਲਿਆ ਹੈ। ਗੁਰਵਿੰਦਰ ਸਿੰਘ ਉਰਫ ਗੋਰਾ ਫਰੀਦਕੋਟ ਦਾ ਰਹਿਣ ਵਾਲਾ ਹੈ।



ਹਾਸਲ ਜਾਣਕਾਰੀ ਅਨੁਸਾਰ ਇਸ ਉੱਪਰ ਐਨਡੀਪੀਐਸ ਸਮੇਤ ਸੱਤ ਕੇਸ ਦਰਜ ਹਨ। ਗੋਰਾ ਇਸ ਤੋਂ ਪਹਿਲਾਂ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ। ਫ਼ਿਲਹਾਲ ਉਹ ਲੰਬੇ ਸਮੇਂ ਤੋਂ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸੀ। ਇੱਕ ਹੋਰ ਸਾਥੀ ਨਰੇਸ਼ ਲਾਡੀ ਨੂੰ ਵੀ ਪੁੱਛਗਿੱਛ ਲਈ ਮੁਹਾਲੀ ਦੇ ਖਰੜ ਵਿੱਚ ਲਿਆਂਦਾ ਗਿਆ। ਨਰੇਸ਼ ਲਾਡੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ, ਲਾਡੀ 'ਤੇ ਕਤਲ ਦਾ ਮਾਮਲਾ ਦਰਜ ਹੈ। ਨਰੇਸ਼ ਲਾਡੀ ਖ਼ਿਲਾਫ਼ ਕੁੱਲ 13 ਕੇਸ ਦਰਜ ਹਨ। ਹੁਣ ਦੋਵਾਂ ਨੂੰ ਵਾਪਸ ਹੁਸ਼ਿਆਰਪੁਰ ਜੇਲ੍ਹ ਲਿਆਂਦਾ ਗਿਆ ਹੈ।

ਓਧਰ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਦਿੱਲੀ ਤੋਂ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੰਜਾਬ ਪੁਲਿਸ ਪੁੱਛਗਿੱਛ ਵਿੱਚ ਜੁਟੀ ਹੋਈ ਹੈ। ਵਿਸ਼ੇਸ਼ ਜਾਂਚ ਟੀਮ ਤੋਂ ਇਲਾਵਾ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਕਾਊਂਟਰ ਇੰਟੈਲੀਜੈਂਸ, ਸਟੇਟ ਕ੍ਰਾਈਮ ਸੈੱਲ ਦੇ ਅਧਿਕਾਰੀਆਂ ਵੱਲੋਂ ਲਾਰੈਂਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਖਰੜ ਸਥਿਤ ਸੀਆਈਏ ਦਫ਼ਤਰ ਵਿੱਚ ਕਰੀਬ ਢਾਈ ਘੰਟੇ ਤੱਕ ਚੱਲੀ ਪੁੱਛਗਿੱਛ ਦੌਰਾਨ ਲਾਰੈਂਸ ਨੇ ਪੁਲਿਸ ਅਧਿਕਾਰੀਆਂ ਦੇ ਸਵਾਲਾਂ ਦਾ ਸਿੱਧਾ ਜਵਾਬ ਨਹੀਂ ਦਿੱਤਾ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਲਾਰੈਂਸ ਤੋਂ ਪੁੱਛਗਿੱਛ ਲਈ ਸਵਾਲਾਂ ਦੀ ਲੰਬੀ ਸੂਚੀ ਤਿਆਰ ਕੀਤੀ ਗਈ ਹੈ। ਜੇਲ੍ਹ 'ਚ ਬੈਠ ਕੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਕਿਵੇਂ ਰਚੀ ਗਈ, N94 ਹਥਿਆਰ ਕਿੱਥੋਂ ਲਿਆਂਦੇ ਗਏ, ਵਿਦੇਸ਼ 'ਚ ਬੈਠੇ ਗੈਂਗਸਟਰਾਂ ਨਾਲ ਉਸ ਨੇ ਜੇਲ 'ਚ ਸੰਪਰਕ ਕਿਵੇਂ ਰੱਖਿਆ ਅਤੇ ਸਿੱਧੂ ਮੂਸੇਵਾਲਾ ਨਾਲ ਕੀ ਦੁਸ਼ਮਣੀ ਸੀ ਆਦਿ ਸਵਾਲ ਲਾਰੇਂਸ ਨੂੰ ਪੁੱਛੇ ਗਏ ਪਰ ਉਸਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ।

ਸੂਤਰਾਂ ਅਨੁਸਾਰ ਪੁਲਿਸ ਮੰਗਲਵਾਰ ਰਾਤ ਹੀ ਲਾਰੈਂਸ ਬਿਸ਼ਨੋਈ ਦੇ ਮੁੱਖ ਸ਼ਾਰਪਸ਼ੂਟਰ ਮੋਨੂੰ ਡਾਗਰ ਨੂੰ ਮੋਗਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਸੀਆਈਏ ਸਟਾਫ਼ ਖਰੜ ਲੈ ਕੇ ਆਈ ਸੀ ਤਾਂ ਜੋ ਦੋਵਾਂ ਗੈਂਗਸਟਰਾਂ ਨੂੰ ਆਹਮੋ-ਸਾਹਮਣੇ ਬੈਠ ਕੇ ਪੁੱਛਗਿੱਛ ਕੀਤੀ ਜਾ ਸਕੇ। ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਅਤੇ ਮੋਨੂੰ ਡਾਗਰ ਤੋਂ ਕਈ ਸਵਾਲ ਪੁੱਛੇ ਪਰ ਦੋਵਾਂ ਨੇ ਸਵਾਲਾਂ ਦੇ ਗੋਲ-ਮੋਲ ਜਵਾਬ ਦਿੱਤੇ, ਜਿਸ ਤੋਂ ਪੁਲਿਸ ਦੀ ਤਸੱਲੀ ਨਹੀਂ ਹੋਈ।