ਜਲਾਲਾਬਾਦ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਵਿੱਚ ਪੁਲਿਸ ਨੇ ਦਲਿਤ ਪਰਿਵਾਰ ਦੀ ਕੁੱਟਮਾਰ ਕੀਤੀ ਹੈ। ਇਸ ਦੀ ਵੀਡੀਓ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਘਟਨਾ ਜਲਾਲਾਬਾਦ ਦੇ ਪਿੰਡ ਸੁਖੇਰਾ ਬੋਦਲਾ ਦੀ ਹੈ। ਸੋਸ਼ਲ ਮੀਡੀਆ 'ਤੇ ਪੁਲਿਸ ਦੇ ਨਾਲ-ਨਾਲ ਜਨਤਾ ਸੁਖਬੀਰ ਬਾਦਲ 'ਤੇ ਵੀ ਸਵਾਲ ਉਠਾ ਰਹੇ ਹਨ।

 

 

ਹਾਸਲ ਜਾਣਕਾਰੀ ਮੁਤਾਬਕ ਪਰਿਵਾਰਾਂ ਵਿੱਚ ਛੋਟੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਨੂੰ ਲੈ ਕੇ ਜਲਾਲਾਬਾਦ ਸਦਰ ਥਾਣੇ ਦੀ ਪੁਲਿਸ ਉੱਥੇ ਪੁੱਜੀ। ਘਟਨਾ ਵਾਲੀ ਥਾਂ 'ਤੇ ਮੌਜੂਦ ਇੱਕ ਛੋਟੀ ਜਿਹੀ ਕੁੜੀ ਪੁਲਿਸ ਨੂੰ ਦੇਖ ਰਹੀ ਸੀ। ਪੁਲਿਸ ਨੇ ਉਸ ਨੂੰ ਥੱਪੜ ਮਾਰ ਕੇ ਮੌਕੇ ਤੋਂ ਭਜਾ ਦਿੱਤਾ।

 

 

ਜਦੋਂ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਕੁੜੀ ਦੇ ਚਾਚੇ ਤੇ ਉਸ ਦੀ ਪਤਨੀ ਨਾਲ ਕੁੱਟਮਾਰ ਕੀਤੀ। ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਇਸ ਦੀ ਵੀਡੀਓ ਬਣਾ ਲਈ। ਮਾਮਲਾ ਪਿਛਲੇ ਐਤਵਾਰ ਦਾ ਹੈ। ਫਿਲਹਾਲ ਪੁਲਿਸ ਦਾ ਦਲਿਤ ਪਰਿਵਾਰ 'ਤੇ ਦਬਾਅ ਬਣਾ ਰਹੀ ਹੈ ਕਿ ਉਹ ਇਸ ਮਾਮਲੇ 'ਤੇ ਕੁਝ ਵੀ ਨਾ ਬੋਲਣ।