ਚੰਡੀਗੜ੍ਹ: ਹੁਸ਼ਿਆਰਪੁਰ ਥਾਣਾ ਸਦਰ ਵਿੱਚ ਬਤੌਰ ਕਾਂਸਟੇਬਲ ਅਸ਼ੋਕ ਕੁਮਾਰ ਦਾ ਲੋਹੜੀ ਬੰਪਰ ਨਿਕਲਿਆ ਹੈ। ਬੰਪਰ ਦੀ ਕੀਮਤ 2 ਕਰੋੜ ਰੁਪਏ ਹੈ। ਅਸ਼ੋਕ ਕੁਮਾਰ ਨੇ 9 ਸਾਲ ਪਹਿਲਾਂ ਪੁਲਿਸ ਦੀ ਨੌਕਰੀ ਸ਼ੁਰੂ ਕੀਤੀ ਸੀ। ਕਸਬਾ ਮਹਿਲਪੁਰ ਦੇ ਪਿੰਡ ਮੋਤੀਆਂ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੇ ਦੋ ਛੋਟੇ ਬੱਚੇ ਤੇ ਇੱਕ ਭੈਣ ਹੈ।
ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਬੇਹੱਦ ਖ਼ੁਸ਼ ਹੈ। ਉਸ ਨੇ ਦੱਸਿਆ ਕਿ ਉਹ ਥਾਣਾ ਸਦਰ ਵਿੱਚ ਡਿਊਟੀ ’ਤੇ ਤਇਨਾਤ ਸੀ ਕਿ ਅਚਾਨਕ ਲਾਟਰੀ ਵੇਚਣ ਵਾਲੇ ਨੇ ਉਸ ਨੂੰ ਲਾਟਰੀ ਖ੍ਰੀਦਣ ਲਈ ਪ੍ਰੇਰਿਤ ਕੀਤਾ। ਇਸ ਪਿੱਛੋਂ ਉਸ ਨੇ ਲਾਟਰੀ ਵੇਚਣ ਵਾਲੇ ਦੇ ਜ਼ਿਆਦਾ ਕਹਿਣ ਉੱਤੇ ਲਾਟਰੀ ਦੀ ਟਿਕਟ ਖ੍ਰੀਦ ਲਈ।
ਹੁਣ ਬੀਤੇ ਦਿਨ ਜਦੋਂ ਉਹ ਬਾਜ਼ਾਰ ਵਿੱਚ ਸੀ ਤਾਂ ਅਚਾਨਕ ਲਾਟਰੀ ਵਾਲੇ ਦਾ ਫੋਨ ਆਇਆ ਕਿ ਉਸ ਦਾ ਲਾਟਰੀ ਬੰਪਰ ਨਿਕਲ ਆਇਆ ਹੈ। ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋਇਆ ਪਰ ਬਾਅਦ ਵਿੱਚ ਜਦੋਂ ਉਸ ਨੇ ਸਰਕਾਰੀ ਗਜਟ ਵੇਖਿਆ ਤਾਂ ਉਸ ਦੇ ਪੈਰ ਭੂੰਜੇ ਨਾ ਲੱਗੇ। ਅਸ਼ੋਕ ਕੁਮਾਰ ਦੇ ਸਾਥੀਆਂ ਵਿੱਚ ਵੀ ਖ਼ੁਸ਼ੀ ਦਾ ਮਾਹੌਲ ਹੈ। ਉਸ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਸ ਨੂੰ ਇਮਾਨਦਾਰੀ ਤੇ ਮਿਹਨਤ ਦਾ ਫਲ਼ ਮਿਲਿਆ ਹੈ।