ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਬੀਜੇਪੀ ਲੀਡਰ ਹਰਜੀਤ ਗਰੇਵਾਲ ਦਾ ਉਸਦੇ ਆਪਣੇ ਪਿੰਡ ਧਨੌਲਾ ਵਾਸੀਆਂ ਵਲੋਂ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ। ਜਿਸ ਸਬੰਧੀ ਪਿੰਡ ਦੇ ਕੁੱਝ ਲੋਕਾਂ ਵਲੋਂ ਧਨੌਲਾ ਵਿਖੇ ਹਰਜੀਤ ਗਰੇਵਾਲ ਦੇ ਸਮਾਜਿਕ ਬਾਈਕਾਟ ਦੇ ਪੋਸਟਰ ਲਗਾ ਦਿੱਤੇ ਸਨ। ਜਿਸਨੂੰ ਲੈ ਕੇ ਧਨੌਲਾ ਥਾਣੇ ਦੀ ਪੁਲਿਸ ਵਲੋਂ ਹੁਣ ਬੀਜੇਪੀ ਲੀਡਰ ਦਾ ਬਾਈਕਾਟ ਕਰਨ ਵਾਲੇ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਐਸਐਚਓ ਕੁਲਦੀਪ ਸਿੰਘ ਨੇ ਕਿਹਾ ਕਿ ਜਸਪ੍ਰੀਤ ਸਿਘ ਜੱਸੀ ਵਾਸੀ ਧਨੌਲਾ, ਛੋਟਾ ਸਿੰਘ ਅਤੇ ਸੁਰਜੀਤ ਸਿੰਘ ਵਲੋਂ ਇੱਕ ਗੈਂਗ ਬਣਾਇਆ ਹੋਇਆ ਹੈ। ਜਿਨ੍ਹਾਂ ਵੱਲੋਂ ਅਕਸਰ ਹੀ ਗਲਤ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਵਿੱਚ ਭੜਕਾਹਟ ਪੈਦਾ ਕੀਤੀ ਜਾ ਰਹੀ ਹੈ।
ਉਨ੍ਹਾਂ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਦੀ ਆੜ ਵਿੱਚ ਇਨ੍ਹਾਂ ਲੋਕਾਂ ਵੱਲੋਂ ਬੀਜੇਪੀ ਲੀਡਰ ਹਰਜੀਤ ਗਰੇਵਾਲ ਵਿਰੁੱਧ ਧਨੌਲਾ ਕਸਬੇ ਵਿੱਚ ਇਸ਼ਤਿਹਾਰਬਾਜ਼ੀ ਕੀਤੀ ਗਈ, ਉਨ੍ਹਾਂ ਦੀ ਰਿਹਾਇਸ਼ ਅਤੇ ਹੋਰ ਪ੍ਰਾਪਰਟੀ ’ਤੇ ਗਲਤ ਸ਼ਬਦਾਵਲੀ ਵਰਤਦੇ ਹੋਏ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਗਿਆ ਹੈ।
ਇਨ੍ਹਾਂ ਲੋਕਾਂ ਦੀ ਅਜਿਹੀ ਹਰਕਤ ਕਰਕੇ ਤਿੰਨੇ ਮੁਲਜ਼ਮਾਂ ਵਿਰੁੱਧ ਥਾਣਾ ਧਨੌਲਾ ਵਿਖੇ ਮੁਕੱਦਮਾ ਦਰਜ ਕਰਕੇ ਧਾਰਾ 153ਏ, 153, 149 ਆਈਪੀਸੀ ਐਕਟ ਅਧੀਨ ਪਰਚਾ ਦਰਜ਼ ਕਰ ਲਿਆ ਹੈ। ਇਨ੍ਹਾਂ ਵਿੱਚੋਂ ਜਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਧਨੌਲਾ ਦੇ ਕੁੱਝ ਲੋਕਾਂ ਵੱਲੋਂ ਇਕੱਠੇ ਹੋ ਕੇ ਖੇਤੀ ਕਾਨੂੰਨਾਂ ਦੇ ਸੰਘਰਸ਼ ਦੇ ਚੱਲਦਿਆਂ ਬੀਜੇਪੀ ਲੀਡਰ ਹਰਜੀਤ ਗਰੇਵਾਲ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਸੀ। ਧਨੌਲਾ ਵਾਸੀ ਖੇਤੀ ਕਾਨੂੰਨਾਂ ਨੂੰ ਲੈ ਕੇ ਹਰਜੀਤ ਗਰੇਵਾਲ ਵੱਲੋਂ ਕਿਸਾਨਾਂ ਵਿਰੁੱਧ ਕੀਤੀ ਜਾਂਦੀ ਬਿਆਨਬਾਜ਼ੀ ਕਾਰਨ ਰੋਸ ਜਤਾਇਆ ਗਿਆ ਸੀ।
ਜਿਸਤੋਂ ਬਾਅਦ ਹਰਜੀਤ ਗਰੇਵਾਲ ਦੀ ਜ਼ਮੀਨ ਠੇਕੇ ’ਤੇ ਨਾ ਲੈਣ ਦਾ ਵੀ ਫ਼ੈਸਲਾ ਕੀਤਾ ਗਿਆ ਸੀ। ਬੀਜੇਪੀ ਲੀਡਰ ਦੀ ਜ਼ਮੀਨ ਠੇਕੇ ’ਤੇ ਲੈਣ ਵਾਲੇ ਦਾ ਵੀ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸਤੋਂ ਬਾਅਦ ਪੁਲਿਸ ਵੱਲੋਂ ਬਾਈਕਾਟ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ