ਅੰਮ੍ਰਿਤਸਰ: ਪੰਜਾਬ ਵਿੱਚ ਕੋਰੋਨਾਵਾਇਰਸ ਨੂੰ ਲੈ ਕੇ ਲਾਏ ਗਏ ਕਰਫ਼ਿਊ ਦੌਰਾਨ ਇਸ ਵਾਰ ਪੁਲਿਸ ਵੱਲੋਂ ਕਈ ਅਜਿਹੇ ਕਦਮ ਚੁੱਕੇ ਗਏ ਹਨ, ਜਿਨਾਂ ਦੀ ਚੁਫੇਰਿਓ ਸ਼ਲਾਘਾ ਹੋ ਰਹੀ ਹੈ। ਇੱਕ ਪਾਸੇ ਪੁਲਿਸ ਮੁਲਾਜ਼ਮ ਪ੍ਰਸ਼ਾਸਨ ਵੱਲੋਂ ਲਗਾਏ ਗਏ ਕਰਫ਼ਿਊ ਨੂੰ ਸਖ਼ਤੀ ਦੇ ਨਾਲ ਲਾਗੂ ਕਰਨ ਦੇ ਲਈ ਲਗਾਤਾਰ ਦਿਨ ਰਾਤ ਡਿਊਟੀ ਕਰ ਰਹੇ ਹਨ। ਦੂਜੇ ਪਾਸੇ ਪੁਲਿਸ ਦੇ ਮੁਲਾਜ਼ਮ ਆਪਣੇ ਆਪਣੇ ਖੇਤਰਾਂ ਵਿੱਚ ਲੋਕਾਂ ਨੂੰ ਰਾਸ਼ਨ ਵੀ ਮੁਹੱਈਆ ਕਰਵਾ ਰਹੇ ਹਨ।
ਅੰਮ੍ਰਿਤਸਰ ਦੇ ਕੋਟ ਖਾਲਸਾ ਥਾਣੇ ਦੇ ਐਸਐਚਓ ਇੰਸਪੈਕਟਰ ਸੰਜੀਵ ਕੁਮਾਰ ਇਸ ਤੋਂ ਵੀ ਦੋ ਕਦਮ ਅੱਗੇ ਹਨ ਜੋ ਆਪਣੇ ਖੇਤਰਾਂ ਦੇ ਵਿੱਚ ਰਾਸ਼ਨ ਤਾਂ ਗਰੀਬਾਂ ਨੂੰ ਵੰਡ ਰਹੇ ਹਨ ਪਰ ਨਾਲ ਹੀ ਆਪਣੇ ਖੇਤਰ ਦੀਆਂ ਤੰਗ ਗਲੀਆਂ ਦੇ ਵਿੱਚ ਰਾਸ਼ਨ ਦੀ ਸਪਲਾਈ ਖੁਦ ਰਿਕਸ਼ਾ ਤੇ ਰੇਹੜੀਆਂ ਚਲਾ ਕੇ ਕਰ ਰਹੇ ਹਨ। ਸੰਜੀਵ ਕੁਮਾਰ ਦੀ ਇਸ ਸਮਰਪਣ ਦੀ ਭਾਵਨਾ ਦੇ ਕਾਰਨ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਫ਼ਾਰਸ਼ ਤੇ ਡੀਜੀਪੀ ਵੱਲੋਂ ਉਨ੍ਹਾਂ ਨੂੰ ਡੀਜੀਪੀ ਕੰਮੋਡੇਸ਼ਨ ਡਿਸਕ ਦੇਣ ਦਾ ਫੈਸਲਾ ਕੀਤਾ ਹੈ।
ਏਬੀਪੀ ਸਾਂਝਾ ਦੀ ਟੀਮ ਨੇ ਇਸ ਸਬੰਧੀ ਕੁਝ ਸਮਾਂ ਐਸਐਚਓ ਸੰਜੀਵ ਕੁਮਾਰ ਦੇ ਨਾਲ ਬਿਤਾਇਆ ਅਤੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਦੋਂ ਉਹ ਆਪਣੇ ਖੇਤਰ ਵਿੱਚ ਰੇਹੜੀ ਖੁਦ ਚਲਾ ਕੇ ਲੋੜਵੰਦ ਘਰਾਂ ਦੇ ਵਿੱਚ ਰਾਸ਼ਨ ਪਹੁੰਚਾ ਰਹੇ ਸਨ। ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਜਿਸ ਦਿਨ ਕਰਫਿਊ ਲੱਗਾ ਤਾਂ ਨਾਕੇ ਤੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਰਾਸ਼ਨ ਲੈਣ ਕਿੱਥੇ ਜਾਣ ਤਾਂ ਸੰਜੀਵ ਕੁਮਾਰ ਮੁਤਾਬਕ ਉਨ੍ਹਾਂ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਤਾਂ ਜੋ ਡੀਸੀ ਅੰਮ੍ਰਿਤਸਰ ਦੇ ਹੁਕਮਾਂ ਨੂੰ ਮੰਨਿਆ ਜਾ ਸਕੇ। ਪਰ ਉਸ ਦਿਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਜਿੰਨਾ ਉਨ੍ਹਾਂ ਕੋਲ ਸਰਿਆ ਬਣਿਆ ਉਨ੍ਹਾਂ ਨੇ ਰਾਸ਼ਨ ਵੰਡਣਾ ਸ਼ੁਰੂ ਕਰ ਦਿੱਤਾ। ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਵਿੱਚ ਤੈਨਾਤ ਬਾਕੀ ਮੁਲਾਜ਼ਮਾਂ ਨੇ ਵੀ ਉਨ੍ਹਾਂ ਦਾ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਲੋੜਵੰਦ ਲੋਕਾਂ ਨੂੰ ਘਰੋਂ ਘਰੀਂ ਸਾਮਾਨ ਦੇਣਾ ਸ਼ੁਰੂ ਕਰ ਦਿੱਤਾ।
ਖੁਦ ਰਿਕਸ਼ਾ ਜਾਂ ਰੇਹੜੀ ਚਲਾਉਣ ਬਾਰੇ ਪੁੱਛੇ ਜਾਣ ਦੇ ਸਵਾਲ ਵਿੱਚ ਇੰਸਪੈਕਟਰ ਸੰਜੀਵ ਕੁਮਾਰ ਨੇ ਕਿਹਾ ਕਿ
ਅਜਿਹਾ ਇਸ ਕਰਕੇ ਕਰਦੇ ਹਾਂ ਤਾਂ ਕਿ ਲੋਕ ਇੱਕ ਤਾਂ ਆਪਣੇ ਘਰਾਂ ਦੇ ਵਿੱਚ ਰਹਿਣ ਅਤੇ ਉਨ੍ਹਾਂ ਨੂੰ ਸਾਮਾਨ ਲੈਣ ਲਈ ਘਰੋਂ ਬਾਹਰ ਨਾ ਆਉਣਾ ਪਵੇ ਅਤੇ ਨਾਲ ਹੀ ਲੋਕ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰਨ। ਇਸ ਤੋਂ ਇਲਾਵਾ ਇਲਾਕੇ ਵਿੱਚ ਗਲੀਆਂ ਕਾਫੀ ਤੰਗ ਹਨ ਜਿਸ ਕਰਕੇ ਵੱਡੇ ਵਾਹਨ ਗਲੀਆਂ ਦੇ ਵਿੱਚ ਨਹੀਂ ਆ ਸਕਦੇ। ਤੀਜਾ ਖੁਦ ਬਹੁਤ ਗਰੀਬ ਘਰ ਦੇ ਵਿੱਚੋਂ ਉੱਠਿਆਂ ਹਾਂ ਇਸ ਲਈ ਰਿਕਸ਼ਾ ਜਾਂ ਰੇਹੜੀ ਚਲਾਉਣ ਨਾਲ ਕੋਈ ਫਰਕ ਨਹੀਂ ਪੈਂਦਾ।ਡੀਜੀਪੀ ਕੰਮੋਡੇਸ਼ਨ ਡਿਸਕ ਨਾਲ ਸਾਰੇ ਮੁਲਾਜ਼ਮਾਂ ਦਾ ਹੌਸਲਾ ਵਧੇਗਾ ਅਤੇ ਉਹ ਹੋਰ ਵਧੀਆ ਕੰਮ ਕਰਨਗੇ।-
ਇੰਸਪੈਕਟਰ ਸੰਜੀਵ ਦੇ ਨਾਲ ਕੰਮ ਕਰਨ ਵਾਲੇ ਬਾਕੀ ਥਾਣੇਦਾਰਾਂ ਨੇ ਵੀ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਦੀ ਕਦਰ ਕੀਤੀ। ਉਨ੍ਹਾਂ ਨੂੰ ਅਜਿਹਾ ਕਰਨ ਦੇ ਨਾਲ ਫਖਰ ਮਹਿਸੂਸ ਹੁੰਦਾ ਹੈ। ਏਸੀਪੀ ਨਰਿੰਦਰ ਸਿੰਘ ਨੇ ਕਿਹਾ ਕੇ ਪੁਲਿਸ ਮੁਲਾਜ਼ਮ ਬੜੇ ਪਿਆਰ ਤੇ ਸ਼ੌਕ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ।