ਬਾਦਲ ਦੀ ਹੱਤਿਆ ਦੇ ਸਾਜਿਸ਼ਘਾੜੇ ਦੁਆਲੇ ਹੋਈਆਂ ਪੁਲਿਸ ਤੇ ਖੁਫ਼ੀਆ ਏਜੰਸੀਆਂ
ਏਬੀਪੀ ਸਾਂਝਾ | 19 Oct 2018 12:53 PM (IST)
ਪਟਿਆਲਾ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦਾ ਕਥਿਤ ਸਾਜਿਸ਼ਘਾੜਾ ਜਰਮਨ ਸਿੰਘ ਤੋਂ ਸ਼ੁੱਕਰਵਾਰ ਨੂੰ ਪਟਿਆਲਾ ਪੁਲਿਸ ਤੇ ਖੁਫ਼ੀਆ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ। ਜਰਮਨ ਤੋਂ ਸੀਆਈਏ ਸਟਾਫ਼ ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਕੀਤੀ ਗਈ। ਵੀਰਵਾਰ ਨੂੰ ਜਰਮਨ ਸਿੰਘ ਨੂੰ ਬੀਕਾਨੇਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਬਕਾ ਮੁੱਖ ਮੰਤਰੀ ਦੇ ਕਤਲ ਦੀ ਸਾਜਿਸ਼ ਤੋਂ ਇਲਾਵਾ ਜਰਮਨ ਉੱਪਰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿੱਚੋਂ ਪੁਲਿਸ ਦੇ ਹਥਿਆਰ ਲੁੱਟਣ ਦਾ ਵੀ ਇਲਜ਼ਾਮ ਹੈ। ਇਸ ਸਾਰੇ ਮਸਲੇ ਦਾ ਉਦੋਂ ਪਤਾ ਲੱਗਾ ਸੀ ਜਦ ਬੀਤੀ 15 ਅਕਤੂਬਰ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਸ਼ਾਮਲੀ ਜ਼ਿਲ੍ਹੇ ਤੋਂ ਖ਼ਾਲਿਸਤਾਨ ਲਿਬਰੇਸ਼ਨ ਫਰੰਟ ਨਾਲ ਸਬੰਧਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਤਿੰਨਾਂ ਦੀ ਸ਼ਨਾਖ਼ਤ ਅੰਮ੍ਰਿਤ ਸਿੰਘ, ਗੁਰਜੰਟ ਸਿੰਘ ਤੇ ਕਰਨ ਸਿੰਘ ਵਜੋਂ ਹੋਈ ਸੀ। ਜਰਮਨ ਸਿੰਘ ਨੂੰ ਵੀ ਰਾਜਸਥਾਨ ਪੁਲਿਸ ਨੇ ਬੀਕਾਨੇਰ ਦੇ ਕੋਲਾਅਤ ਗੁਰਦੁਆਰਾ ਸਾਹਿਬ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ।