Gurdaspur News: ਪੁਲਿਸ ਮੁਲਾਜ਼ਮ ਨੂੰ ਲੈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਅਚਾਨਕ ਸ਼ਹਿਰ ਵਿੱਚ ਹਲਚਲ ਮੱਚ ਗਈ। ਦਰਅਸਲ, ਕਾਦੀਆਂ ਸ਼ਹਿਰ ਦੇ ਥਾਣਾ ਚੌਕ ਨੇੜੇ ਕਾਰਾਂ ਦੀ ਮਾਮੂਲੀ ਟੱਕਰ ਤੋਂ ਸ਼ੁਰੂ ਹੋਇਆ ਝਗੜਾ ਹਿੰਸਕ ਲੜਾਈ ਵਿੱਚ ਬਦਲ ਗਿਆ। ਜਾਣਕਾਰੀ ਅਨੁਸਾਰ, ਇੱਕ ਪੁਲਿਸ ਕਰਮਚਾਰੀ ਜੋ ਕਾਦੀਆਂ ਤੋਂ ਆਪਣੇ ਪਿੰਡ ਭੈਣੀ ਬਾਂਗਰ ਜਾ ਰਿਹਾ ਸੀ, ਉਸਦੀ ਕਾਰ ਪਿੰਡ ਭੈਣੀ ਬਾਂਗਰ ਤੋਂ ਆ ਰਹੀ ਇੱਕ ਹੋਰ ਕਾਰ ਨਾਲ ਟਕਰਾ ਗਈ। ਦੋਵਾਂ ਧਿਰਾਂ ਨੇ ਪਹਿਲਾਂ ਇੱਕ-ਦੂਜੇ ਨੂੰ ਗਾਲ੍ਹਾਂ ਕੱਢੀਆਂ ਅਤੇ ਫਿਰ ਹੱਥੋਪਾਈ ਹੋਏ। ਲੜਾਈ ਦੌਰਾਨ ਦੂਜੀ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੇ ਪੁਲਿਸ ਕਰਮਚਾਰੀ 'ਤੇ ਬੇਸਬਾਲ ਬੈਟ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ।
ਪੁਲਿਸ ਕਰਮਚਾਰੀ ਨੇ ਦੱਸਿਆ ਕਿ "ਮੈਂ ਵਾਲ ਕਟਵਾ ਕੇ ਘਰ ਵਾਪਸ ਆ ਰਿਹਾ ਸੀ, ਜਦੋਂ ਰਸਤੇ ਵਿੱਚ ਇੱਕ ਹੋਰ ਕਾਰ ਨਾਲ ਮਾਮੂਲੀ ਟੱਕਰ ਹੋ ਗਈ। ਇਸ 'ਤੇ ਉਨ੍ਹਾਂ ਨੇ ਲੜਾਈ ਸ਼ੁਰੂ ਕਰ ਦਿੱਤੀ ਅਤੇ ਮੇਰੇ ਸਿਰ 'ਤੇ ਡੰਡੇ ਨਾਲ ਵਾਰ ਕੀਤਾ ਅਤੇ ਮੈਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ।" ਉਸਨੇ ਕਿਹਾ ਕਿ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ, ਪਿੰਡ ਭੈਣੀ ਬਾਂਗਰ ਦੇ ਲਖਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਹ ਆਪਣੇ ਜੀਜੇ ਦੇ ਵਿਆਹ ਲਈ ਸਾਮਾਨ ਲੈਣ ਆ ਰਿਹਾ ਸੀ। ਉਸਨੇ ਦੋਸ਼ ਲਗਾਇਆ ਕਿ ਪੁਲਿਸ ਕਰਮਚਾਰੀ ਨੇ ਉਸਦੀ ਕਾਰ ਸਾਡੀ ਕਾਰ ਨਾਲ ਟੱਕਰ ਮਾਰ ਦਿੱਤੀ। ਲਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਅਧਿਕਾਰੀ ਸ਼ਰਾਬੀ ਸੀ ਅਤੇ ਉਸਨੇ ਹੱਥ ਵਿੱਚ ਹੱਥਕੜੀਆਂ ਲਗਾ ਕੇ ਸਾਡੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਸਾਡੀ ਪੱਗ ਦੀ ਬੇਅਦਬੀ ਵੀ ਕੀਤੀ।
ਜਦੋਂ ਇਸ ਮਾਮਲੇ ਬਾਰੇ ਕਾਦੀਆਂ ਥਾਣੇ ਦੇ ਏਐਸਆਈ ਕੁਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੜਾਈ ਦੌਰਾਨ ਪੁਲਿਸ ਕਰਮਚਾਰੀ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ, ਅਤੇ ਉਸਨੂੰ ਇਲਾਜ ਲਈ ਭੇਜਿਆ ਗਿਆ ਹੈ। ਦੋਵਾਂ ਧਿਰਾਂ ਨੂੰ ਸਵੇਰੇ ਥਾਣੇ ਬੁਲਾਇਆ ਗਿਆ ਹੈ, ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।