ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਮਗਰੋਂ ਬੀਤੇ ਕੱਲ੍ਹ ਆਮ ਆਦਮੀ ਪਾਰਟੀ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਆਪ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਦੀ ਸੁਰੱਖਿਆ ਲਈ ਤਾਇਨਾਤ ASI ਦਾ ਸਰਕਾਰੀ ਪਿਸਤੌਲ ਚੋਰੀ ਹੋ ਗਿਆ। ਅੰਮ੍ਰਿਤਸਰ ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲਦਿਆਂ ਹੀ ਸਿਟੀ ਪੁਲਿਸ ਨੇ ਇਸ ਪਿਸਤੌਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਲਾਜ਼ਮ ਨੇ ਇਸ ਦੀ ਜ਼ੁਬਾਨੀ ਜਾਣਕਾਰੀ ਥਾਣਾ ਸਿਵਲ ਲਾਈਨ ਅਧੀਨ ਪੈਂਦੀ ਗਰੀਨ ਐਵੀਨਿਊ ਚੌਕੀ ਵਿੱਚ ਦਿੱਤੀ।



ਰਾਘਵ ਚੱਢਾ ਦੀ ਸੁਰੱਖਿਆ ਹੇਠ ਤਾਇਨਾਤ ਪਠਾਨਕੋਟ ਦੇ ਏਐਸਆਈ ਨੇ ਘਟਨਾ ਸਬੰਧੀ ਜ਼ੁਬਾਨੀ ਜਾਣਕਾਰੀ ਦਿੱਤੀ। ਉਸ ਦਾ ਪਿਸਤੌਲ ਉਪਲਬਧ ਨਹੀਂ। ਰਾਘਵ ਚੱਢਾ ਦੀ ਸੁਰੱਖਿਆ ਵਿੱਚ ਤਾਇਨਾਤ ਏਐਸਆਈ ਵੀ ਇਸ ਗੱਲ ਤੋਂ ਅਣਜਾਣ ਹੈ ਕਿਸੇ ਨੇ ਉਸ ਦਾ ਪਿਸਤੌਲ ਚੋਰੀ ਕਿਵੇਂ ਕਰ ਲਿਆ, ਪਰ ਪੁਲਿਸ ਪਿਸਤੌਲ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।

ਹੈਰਾਨੀ ਦੀ ਗੱਲ ਹੈ ਕਿ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਲਈ ਪੂਰੇ ਮਾਝੇ ਦੀ ਪੁਲਿਸ ਤਾਇਨਾਤ ਸੀ। ਪਠਾਨਕੋਟ ਤੋਂ ਤਰਨਤਾਰਨ ਤੱਕ ਪੁਲਿਸ ਨੇ ਪੂਰੇ ਪ੍ਰੋਗਰਾਮ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ ਪਰ ਫਿਰ ਸ਼ਰਮਨਾਕ ਹੈ ਕਿ 'ਆਪ' ਦੇ ਵੀਵੀਆਈਪੀ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਮੁਲਾਜ਼ਮ ਨਾਲ ਚੋਰੀ ਦੀ ਘਟਨਾ ਵਾਪਰ ਗਈ।

'ਆਪ' ਦੀ ਜਿੱਤ ਤੋਂ ਬਾਅਦ ਇਹ ਪਹਿਲਾ ਰੋਡ ਸ਼ੋਅ ਸੀ। ਦੁਪਹਿਰ ਬਾਅਦ ਕਚਿਹਰੀ ਚੌਕ ਤੋਂ ਨੌਵੇਲਟੀ ਚੌਕ ਤੱਕ ਰੋਡ ਸ਼ੋਅ ਕੱਢਿਆ ਗਿਆ, ਜਿਸ ਵਿੱਚ ਸੀਐਮ ਭਗਵੰਤ ਮਾਨ ਨੂੰ ਦੇਖਣ ਲਈ ਹਜ਼ਾਰਾਂ ਲੋਕ ਵੀ ਇਕੱਠੇ ਹੋਏ। ਇਸ ਰੋਡ ਸ਼ੋਅ ਵਿੱਚ ਪੰਜਾਬ ਭਰ ਤੋਂ ਲੋਕ ਪੁੱਜੇ ਹੋਏ ਸਨ। ਪਹਿਲਾਂ ਹੀ ਇਹ ਰੋਡ ਸ਼ੋਅ ਸਰਕਾਰੀ ਬੱਸਾਂ ਦੀ ਵਰਤੋਂ ਨੂੰ ਲੈ ਕੇ ਸੁਰਖੀਆਂ 'ਚ ਆ ਚੁੱਕਾ ਹੈ ਪਰ ਹੁਣ 'ਆਪ' ਦੇ ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਲਈ ਤਾਇਨਾਤ ਏਐਸਆਈ ਪਿਸਤੌਲ ਚੋਰੀ ਹੋਣ ਦੀ ਘਟਨਾ ਤੋਂ ਬਾਅਦ ਪੰਜਾਬ ਪੁਲਿਸ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।