ਚੰਡੀਗੜ੍ਹ: ਪੁਲਿਸ ਵੱਲੋਂ ਪਠਾਨਕੋਟ-ਜੰਮੂ ਕਸ਼ਮੀਰ ਸਰਹੱਦ ’ਤੇ ਮਾਧੋਪੁਰ ਨੇੜੇ ਇਨੋਵਾ ਕਾਰ ਖੋਹਣ ਵਾਲੇ ਚਾਰ ਵਿਅਕਤੀਆਂ ਦੀਆਂ ਸੀਸੀਟੀਵੀ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਬਾਰਡਰ ਰੇਂਜ ਦੇ ਆਈਜੀ ਐਸ.ਪੀ.ਐਸ. ਪਰਮਾਰ ਨੇ ਦੱਸਿਆ ਕਿ ਮੁੱਢਲੀ ਪੜਤਾਲ ਵਿੱਚ ਇਹ ਮਾਮਲਾ ਸਿਰਫ਼ ਕਾਰ ਖੋਹਣ ਤਕ ਦਾ ਹੀ ਜਾਪਦਾ ਹੈ, ਪਰ ਪੁਲਿਸ ਦਹਿਸ਼ਤੀ ਮਨਸੂਬਿਆਂ ਸਬੰਧੀ ਵੀ ਪੜਤਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਯਾਨੀ 14 ਨਵੰਬਰ ਨੂੰ ਚਾਰ ਵਿਅਕਤੀਆਂ ਨੇ ਜੰਮੂ ਕਸ਼ਮੀਰ ਦੀ ਰਜਿਸਟਰਡ (JK 02 AW 0922) ਸਿਲਵਰ ਰੰਗ ਦੀ ਇਨੋਵਾ ਕਾਰ ਖੋਹ ਲਈ ਸੀ। ਚਾਰੇ ਸ਼ੱਕੀਆਂ ਨੇ ਟੈਕਸੀ ਦੇ ਡਰਾਈਵਰ ਨਾਲ ਕੁੱਟਮਾਰ ਕੀਤੀ ਤੇ ਪਿਸਤੌਲ ਦੀ ਨੋਕ ’ਤੇ ਉਸ ਕੋਲੋਂ ਗੱਡੀ ਖੋਹ ਕੇ ਫਰਾਰ ਹੋ ਗਏ ਸਨ। ਇਹ ਵੀ ਪੜ੍ਹੋ: ਪਠਾਨਕੋਟ ’ਚ 4 ਸ਼ੱਕੀ ਦਾਖ਼ਲ, ਪਿਸਤੌਲ ਦੀ ਨੋਕ ’ਤੇ ਇਨੋਵਾ ਖੋਹ ਕੇ ਫਰਾਰ ਇਸ ਤੋਂ ਬਾਅਦ ਪੁਲਿਸ ਨੇ ਪੰਜਾਬ ਨਾਲ ਲੱਗਦੀ ਜੰਮੂ-ਕਸ਼ਮੀਰ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਹੈ। ਦੀਨਾਨਗਰ ਅਤੇ ਪਠਾਨਕੋਟ ਵਿੱਚ ਵਾਪਰੇ ਦਹਿਸ਼ਤੀ ਹਮਲਿਆਂ ਤੋਂ ਬਾਅਦ ਪੁਲਿਸ ਨੂੰ ਮੁੜ ਤੋਂ ਪਹਿਲਾਂ ਵਰਗੀ ਵਾਰਦਾਤ ਵਾਪਰਨ ਤੋਂ ਬਾਅਦ ਹੱਥਾਂ ਪੈਰਾਂ ਦੀ ਪੈ ਗਈ ਸੀ। ਇਨ੍ਹਾਂ ਦਹਿਸ਼ਤੀ ਹਮਲਿਆਂ ਤੋਂ ਪਹਿਲਾਂ ਵੀ ਗੱਡੀਆਂ ਖੋਹੀਆਂ ਗਈਆਂ ਸਨ। ਫਿਲਹਾਲ ਚਾਰੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ।