Punjab Police: ਫਿਰੋਜ਼ਪੁਰ ਪੁਲਿਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਫਿਰੋਜ਼ਪੁਰ ਪੁਲਿਸ ਨੇ ਗੁੱਥੀ ਨੂੰ ਸੁਲਝਾਉਦੇਂ ਹੋਏ 3 ਦੋਸ਼ੀਆਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਵੱਲੋਂ ਵਾਰਦਾਤ ਵਿੱਚ ਇਸਤੇਮਾਲ ਕੀਤਾ ਹੋਇਆ ਅਸਲਾ ਮੋਟਰਸਾਇਕਲ ਤੇ ਹਥਿਆਰ ਬਰਾਮਦ ਕੀਤੇ ਹਨ
ਕੀ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਮਿਤੀ 9 ਮਈ 2024 ਨੂੰ ਥਾਣਾ ਮੱਖੂ ਜਿਲਾ ਫਿਰੋਜਪੁਰ ਵਿਖੇ ਇੱਕ ਪੁਰਾਣਾ ਹਰੀਕੇ ਹੈਡ ਦੇ ਪੁਲ ਪਾਸ ਕੱਚੀ ਪਟੜੀ ਤੇ ਇੱਕ ਅਨਪਾਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਸੀ ਜਿਸਦੀ ਉਮਰ ਕਰੀਬ 32-33 ਸਾਲ ਸੀ ਜਿਸ ‘ਤੇ ਥਾਣਾ ਮੱਖੂ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਪੁਲਿਸ ਨੇ ਜਾਂਚ ਲਈ ਬਣਾਈਆਂ ਟੀਮਾਂ
ਸ਼ੁਰੂਆਤੀ ਜਾਂਚ ਵਿੱਚ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ ਅਤੇ ਨਾ ਹੀ ਮ੍ਰਿਤਕ ਦੀ ਕੋਈ ਪਛਾਣ ਸਾਹਮਣੇ ਆ ਸਕੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ 10 ਟੀਮਾਂ ਬਣਾਈਆਂ ਗਈਆਂ। ਦੱਸ ਦਈਏ ਕਿ ਲਾਸ਼ ਦੇ ਸਿਰ ‘ਤੇ ਸੱਟਾ ਦੇ ਨਿਸ਼ਾਨ ਹਨ ਅਤੇ ਹੱਥ ਅਤੇ ਮੂੰਹ ਬੰਨੇ ਹੋਏ ਹਨ। ਜਿਸ ਤੋਂ ਬਾਅਦ ਟੀਮਾਂ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਹਰ ਇੱਕ ਪਿੰਡ ਵਿੱਚ ਮੁਖਬਰਾਂ ਰਾਹੀਂ ਫੋਟੋਆਂ ਭੇਜ ਕੇ ਲਾਸ਼ ਦੀ ਪਛਾਣ ਲਈ ਜਦੋ ਜਹਿਦ ਕੀਤੀ ਜਾ ਰਹੀ ਸੀ ਅਤੇ ਸੈਂਕੜੇ ਸੀਸੀਟੀਵੀ ਖੰਗਾਲੇ ਜਾ ਰਹੇ ਸਨ।
ਮੁਖਬਰ ਤੋਂ ਮਿਲੀ ਵੱਡੀ ਲੀਡ
ਇਸ ਦੌਰਾਨ ਇੱਕ ਮੁਖਬਰ ਦੀ ਲੀਡ ਤੋਂ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਗੋਰਖਾ ਜਿਲਾ ਤਰਨਤਾਰਨ ਵਜੋ ਕੀਤੀ ਗਈ। ਇਸ ਤੋਂ ਬਾਅਦ ਹੋਈ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਚਾਰ ਦੋਸਤਾਂ ਦਾ ਇੱਕ ਗੈਂਗ ਬਣਿਆ ਹੋਇਆ ਸੀ ਜੋ ਕਿ ਪੰਜਾਬ ਦੇ ਅਲੱਗ ਅਲੱਗ ਜ਼ਿਲਿਆਂ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਲੁੱਟ ਦੇ ਪੈਸੇ ਆਪਸ ਵਿੱਚ ਵੰਡ ਲੈਂਦਾ ਸੀ।
ਪੈਸਿਆਂ ਦੀ ਵੰਡ ਨੂੰ ਲੈ ਕੇ ਪਿਆ ਕਲੇਸ਼
ਕੁਝ ਦਿਨ ਪਹਿਲਾਂ ਹੀ ਇਨ੍ਹਾਂ ਵੱਲੋਂ ਮੋਗਾ ਵਿੱਚ ਦੋ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਤੇ ਪੈਸੇ ਦੀ ਆਪਸੀ ਵੰਡ ਨੂੰ ਲੈ ਕੇ ਇਨ੍ਹਾਂ ਵਿੱਚ ਤਕਰਾਰ ਹੋ ਗਿਆ ਤੇ ਜਸ਼ਨਪ੍ਰੀਤ ਵੱਲੋਂ ਆਪਣੇ ਸਾਥੀ ਗੁਰਪ੍ਰੀਤ ਨੂੰ ਪੈਰ ਵਿੱਚ ਗੋਲੀ ਮਾਰ ਦਿੱਤੀ ਜਿਸ ਤੋਂ ਨਵਦੀਪ ਸਿੰਘ ਜਸਕਰਨ ਸਿੰਘ ਤੇ ਗੁਰਪ੍ਰੀਤ ਦੇ ਮਨਾਂ ਵਿੱਚ ਡਰ ਬੈਠ ਗਿਆ ਕਿ ਜੇ ਉਨ੍ਹਾਂ ਨੇ ਜਸ਼ਨਪ੍ਰੀਤ ਨੂੰ ਨਾ ਮਾਰਿਆ ਤਾਂ ਉਹਾਂ ਨੂੰ ਮਾਰ ਦੇਵੇਗਾ। ਇਸ ਤੋਂ ਬਾਅਦ ਤਿੰਨਾਂ ਨੇ ਸਾਜਿਸ਼ ਦੇ ਤਹਿਤ ਦਰਿਆ ਦੇ ਕੰਢੇ ਪਟੜੀ ਨੇੜੇ ਗੱਲ ਕਰਨ ਦੇ ਬਹਾਨੇ ਜਸ਼ਨਪ੍ਰੀਤ ਨੂੰ ਬੁਲਾਇਆ ਅਤੇ ਉਥੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਲਾਸ਼ ਦੀ ਪਹਿਚਾਣ ਨਾ ਹੋਵੇ ਇਸ ਲਈ ਤੇਜ਼ਦਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਉਸਨੂੰ ਵੱਡ ਦਿੱਤਾ ਗਿਆ ਅਤੇ ਉਥੋਂ ਫਰਾਰ ਹੋ ਗਏ
ਵਾਰਦਾਤ ਤੋਂ ਬਾਅਦ ਛੱਡਿਆ ਪੰਜਾਬ
ਪੁਲਿਸ ਵੱਲੋਂ ਉਕਤ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਅਤੇ ਇੱਕ ਆਰੋਪੀ ਨੂੰ ਕੋਲਕਤਾ ਤੋਂ ਗਿਰਫਤਾਰ ਕੀਤਾ ਗਿਆ ਜਦਕਿ ਬਾਕੀਆਂ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਜਾਂਚ ਵਿੱਚ ਸਾਹਮਣੇ ਆਇਆ ਕਿ ਇਹਨਾਂ ਵੱਲੋਂ ਕਈ ਟੋਲ ਪਲਾਜਾ ਪੈਟਰੋਲ ਪੰਪ ਸਣੇ ਪੰਜਾਬ ਭਰ ਦੇ ਅਲੱਗ ਅਲੱਗ ਜਿਲਿਆਂ ਵਿੱਚ ਕਈ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ।