ਸ਼ਰਾਬੀ ਪੁਲਿਸ ਵਾਲੇ ਨੂੰ ਬੰਨ੍ਹ ਕੇ ਕੁੱਟਿਆ, ਥਾਣੇਦਾਰ ਨੇ ਜਾ ਕੇ ਛੁਡਾਇਆ
ਏਬੀਪੀ ਸਾਂਝਾ | 17 Jul 2018 12:17 PM (IST)
ਫਰੀਦਕੋਟ: ਕੁਝ ਲੋਕਾਂ ਨੇ ਹੋਮਗਾਰਡ ਦੇ ਮੁਲਾਜ਼ਮ ਨੂੰ ਦਰਖਤ ਨਾਲ ਬੰਨ੍ਹ ਕੇ ਮਾਰ ਕੁਟਾਈ ਕੀਤੀ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਔਰਤ ਵਰਦੀਧਾਰੀ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਹੈ। ਇਹ ਵੀਡੀਓ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮਚਾਕੀ ਮੱਲ ਸਿੰਘ ਵਾਲਾ ਦਾ ਹੈ। ਹਾਸਲ ਜਾਣਕਾਰੀ ਮੁਤਾਬਕ ਇਹ ਵਰਦੀਧਾਰੀ ਸ਼ਰਾਬ ਦੇ ਨਸ਼ੇ ਵਿੱਚ ਕਿਸੇ ਦੇ ਘਰ ਵੜ ਗਿਆ। ਉੱਥੇ ਮੌਜੂਦ ਇੱਕ ਔਰਤ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਇਸ ਦਾ ਵਿਰੋਧ ਕੀਤਾ ਤੇ ਫਿਰ ਆਤਮ ਰੱਖਿਆ ਕਰਦੇ ਹੋਏ ਮੁਲਾਜ਼ਮ ਦੇ ਸਿਰ ਵਿੱਚ ਇੱਟ ਮਾਰ ਦਿੱਤੀ। ਉਧਰ, ਮੁਲਾਜ਼ਮ ਇਕਬਾਲ ਸਿੰਘ ਨੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਇਨ੍ਹਾਂ ਨੂੰ ਵਾਸ਼ਿੰਗ ਮਸ਼ੀਨ ਦਵਾਈ ਸੀ। ਉਸ ਦੇ ਪੈਸੇ ਲੈਣ ਲਈ ਗਿਆ ਸੀ। ਉੱਥੇ ਜਾਂਦੇ ਹੀ ਉਸ ਨੂੰ ਘਰ ਅੰਦਰ ਖਿੱਚ ਕੇ ਲੈ ਗਏ। ਉਸ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਵੀਡੀਓ ਵਿੱਚ ਮਾਰਕੁਟਾਈ ਕਰਨ ਵਾਲੀ ਔਰਤ ਨੇ ਕਿਹਾ ਕਿ ਇਕਬਾਲ ਸਿੰਘ ਨਾਮਕ ਹੋਮਗਾਰਡ ਸ਼ਰਾਬ ਪੀ ਕੇ ਉਸ ਦੇ ਘਰ ਵਿੱਚ ਵੜ ਆਇਆ। ਉਸ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਕਬਾਲ ਸਿੰਘ ਨੂੰ ਛੁਡਵਾ ਕੇ ਲਿਆਏ ਐਸਐਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਵਿੱਚ ਸੂਚਨਾ ਮਿਲੀ ਸੀ ਕਿ ਪਿੰਡ ਮੱਲ ਸਿੰਘ ਵਾਲਾ ਵਿੱਚ ਪੁਲਿਸ ਵਾਲੇ ਨੂੰ ਕੁਝ ਲੋਕ ਬੰਨ੍ਹ ਕਰ ਕੁੱਟ ਰਹੇ ਹਨ। ਉਹ ਮੌਕੇ ਉੱਤੇ ਪੁੱਜੇ ਤੇ ਉਸ ਨੂੰ ਛੁੜਵਾ ਕੇ ਲਿਆਏ। ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਹੁਣ ਜਾਂਚ ਜਾਰੀ ਹੈ।