Punjab News: ਪੰਜਾਬ ਦੀ ਸਿਆਸਤ ਵਿੱਚ ਇਸ ਵਕਤ ਮੁਖਤਾਰ ਅੰਸਾਰੀ ਦਾ ਮਾਮਲਾ ਭਖਿਆ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਗੈਂਗਸਟਰ ਮੁਖਤਾਰ ਅੰਸਾਰੀ 'ਤੇ ਖਰਚੇ ਗਏ 55 ਲੱਖ ਰੁਪਏ ਨਾ ਦੇਣ ਦਾ ਫੈਸਲਾ ਕੀਤਾ ਹੈ ਜਿਸ ਉੱਤੇ ਪਲਟਵਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਖ਼ਰਚਾ ਸਰਕਾਰ ਨੂੰ ਹੀ ਦੇਣਾ ਪੈਂਦਾ ਹੈ।


ਮੁੱਖ ਮੰਤਰੀ ਭਗਵੰਤ ਮਾਨ ਨੇ ਲਾਏ ਇਲਜ਼ਾਮ


ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੈਂਗਸਟਰ ਮੁਖਤਾਰ ਅੰਸਾਰੀ 'ਤੇ ਖਰਚੇ ਗਏ 55 ਲੱਖ ਰੁਪਏ ਨਾ ਦੇਣ ਦਾ ਫੈਸਲਾ ਕੀਤਾ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਪੁਰਾਣੀ ਸਰਕਾਰ ਦੇ ਨੇਤਾਵਾਂ ਨੇ  ਅੰਸਾਰੀ ਨਾਲ ਦੋਸਤੀ ਨਿਭਾਈ, ਪਰ ਉਹ ਅੰਸਾਰੀ 'ਤੇ ਆਮ ਆਦਮੀ ਦੇ ਟੈਕਸ ਦਾ ਪੈਸਾ ਖਰਚ ਨਹੀਂ ਕਰਨਗੇ।


CM ਭਗਵੰਤ ਮਾਨ ਨੇ ਕਿਹਾ, 'ਯੂਪੀ ਦੇ ਅਪਰਾਧੀ ਨੂੰ ਵੀਆਈਪੀ ਸਹੂਲਤਾਂ ਵਾਲੀ ਰੋਪੜ ਜੇਲ੍ਹ ਵਿੱਚ ਰੱਖਿਆ ਗਿਆ ਸੀ। 48 ਵਾਰ ਵਾਰੰਟ ਜਾਰੀ ਹੋਣ ਦੇ ਬਾਵਜੂਦ ਉਹ ਪੇਸ਼ ਨਹੀਂ ਹੋਇਆ। ਮਹਿੰਗੇ ਵਕੀਲ ਲੱਗੇ ਹੋਏ ਸਨ, ਜਿਨ੍ਹਾਂ ਦਾ ਖਰਚਾ 55 ਲੱਖ ਆਇਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਵਿੱਚੋਂ ਖਰਚੇ ਵਾਲੀ ਫਾਈਲ ਨੂੰ ਮੋੜ ਦਿੱਤਾ ਹੈ। ਜਿਨ੍ਹਾਂ ਮੰਤਰੀਆਂ ਦੇ ਹੁਕਮਾਂ 'ਤੇ ਇਹ ਫੈਸਲਾ ਲਿਆ ਗਿਆ ਹੈ, ਉਨ੍ਹਾਂ ਤੋਂ ਖਰਚੇ ਦੀ ਵਸੂਲੀ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।


ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਪਲਟਵਾਰ


ਇਸ ਮਾਮਲੇ ਵਿੱਚ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਕਿਸੇ ਵੀ ਸੂਬੇ ਵਿਚ ਕਿਸੇ ਵਿਅਕਤੀ ਦਾ ਕੋਈ ਮਾਮਲਾ ਹੁੰਦਾ ਹੈ ਤਾਂ ਪੁਲਿਸ ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਲੈ ਕੇ ਜਾਂਚ ਕਰਦੀ ਹੈ ਅਤੇ ਜੋ ਵੀ ਖਰਚਾ ਜਾਂ ਜੋ ਵੀ ਸਿਸਟਮ ਹੁੰਦਾ ਹੈ  ਉਸ ਦਾ ਭੁਗਤਾਨ ਸੂਬੇ ਦੀ ਸਰਕਾਰ ਤੇ ਪੁਲਿਸ ਨੇ ਕਰਨਾ ਹੁੰਦਾ ਹੈ।ਜੇਕਰ ਬਿਸ਼ਨੋਈ ਦੀ ਗੱਲ ਕਰੀਏ ਤਾਂ ਬਿਸ਼ਨੋਈ ਕਾਫੀ ਸਮੇਂ ਤੋਂ ਬਠਿੰਡਾ ਜੇਲ 'ਚ ਬੰਦ ਸੀ, ਹੁਣ ਕੁਝ ਦਿਨ ਪਹਿਲਾਂ ਦਿੱਲੀ ਪੁਲਸ ਉਸ ਨੂੰ ਟਰਾਂਜ਼ਿਟ ਰਿਮਾਂਡ 'ਤੇ ਲੈ ਗਈ ਸੀ।