Punjab News: ਨਵਜੋਤ ਕੌਰ ਸਿੱਧੂ ਦੇ 500 ਕਰੋੜ ਰੁਪਏ ਵਿੱਚ ਮੁੱਖ ਮੰਤਰੀ ਵਾਲੇ ਬਿਆਨ 'ਤੇ ਹੰਗਾਮਾ ਲਗਾਤਾਰ ਜਾਰੀ ਹੈ। ਨਵਜੋਤ ਕੌਰ ਨੇ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ 'ਤੇ ਤੰਜ ਕੱਸਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ। ਜਿਸ ਕਾਰਨ ਭਗਵੰਤ ਮਾਨ ਨੇ ਪਲਟਵਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਹੁਣ ਜਾਨ ਦਾ ਡਰ ਸਤਾ ਰਿਹਾ ਹੈ, ਤਾਂ ਪਹਿਲਾਂ ਹੀ ਸੋਚ-ਸਮਝ ਕੇ ਬੋਲਣਾ ਸੀ।
ਭਗਵੰਤ ਮਾਨ ਨੇ ਕਿਹਾ ਕਿ ਨੇਤਾ ਪਹਿਲਾਂ ਤਾਂ ਜੋ ਵੀ ਆਏ ਉਲਟੇ ਬਿਆਨ ਦੇ ਦਿੰਦੇ ਹਨ, ਫਿਰ ਮੇਰੇ ਕੋਲ ਆ ਜਾਂਦੇ ਹਨ। ਮਾਨ ਨੇ ਨਵਜੋਤ ਕੌਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਨੇ ਕਾਂਗਰਸ ਵਿੱਚ ਵੀ ਕੁਰਸੀ ਦੇ ਰੇਟ ਸੈੱਟ ਕਰ ਦਿੱਤੇ ਹਨ।
ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਿੱਖੇ ਹਮਲਿਆਂ ਤੋਂ ਬਾਅਦ, ਡਾ. ਨਵਜੋਤ ਕੌਰ ਸਿੱਧੂ ਨੇ ਪਲਟਵਾਰ ਕੀਤਾ। ਨਵਜੋਤ ਕੌਰ ਨੇ ਸਰਕਾਰ ਤੋਂ ਲੈ ਕੇ ਵਿਰੋਧੀ ਧਿਰ ਤੱਕ ਸਾਰਿਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ।
ਨਵਜੋਤ ਕੌਰ ਨੇ ਮੁੱਖ ਮੰਤਰੀ ਮਾਨ ਤੋਂ ਪੁੱਛਿਆ ਕਿ ਉਹ ਮਾਈਨਿੰਗ ਅਤੇ ਸ਼ਰਾਬ ਮਾਫੀਆ ਨੂੰ ਪਨਾਹ ਕਿਉਂ ਦੇ ਰਹੇ ਹਨ? ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਹਮਲਾ ਕਰਦਿਆਂ ਪੁੱਛਿਆ ਕਿ ਉਨ੍ਹਾਂ ਨੇ ਸਿੱਧੂ ਦੀਆਂ ਫਾਈਲਾਂ ਰੋਕ ਰੱਖੀਆਂ ਹਨ, ਅਜਿਹਾ ਕਿਉਂ ਕੀਤਾ।
ਉਨ੍ਹਾਂ ਨੇ ਕਿਹਾ, "ਕੈਪਟਨ ਦੇ ਮੁੱਖ ਮੰਤਰੀ ਰਹਿੰਦੇਹੋਏ ਪੰਜਾਬ ਦੇ ਵਿਕਾਸ ਲਈ ਕਈ ਮਹੱਤਵਪੂਰਨ ਪ੍ਰੋਜੈਕਟ ਰੁਕ ਗਏ, ਇਹ ਪੰਜਾਬ ਦੇ ਵਿਕਾਸ ਲਈ ਕਾਫੀ ਅਹਿਮ ਸੀ।" ਉਨ੍ਹਾਂ ਨੇ ਅੱਗੇ ਕਿਹਾ, "ਮੇਰੇ ਇੰਨੇ ਸਵਾਲ ਹਨ, ਜੋ 100 ਟਵੀਟ ਵਿੱਚ ਵੀ ਨਹੀਂ ਦਿੱਤੇ ਜਾ ਸਕਦੇ।"
ਮੇਰੀ ਸੁਰੱਖਿਆ ਦੀ ਜ਼ਿੰਮੇਵਾਰ ਤੁਹਾਡੀ ਹੋਵੋਗੀ
ਨਵਜੋਤ ਕੌਰ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਕਿ, "ਮੁੱਖ ਮੰਤਰੀ ਭਗਵੰਤ ਮਾਨ ਜੀ, ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਕੁਝ ਸੁਰੱਖਿਆ ਦੀ ਲੋੜ ਹੈ।" "ਮੇਰੀ ਸੁਰੱਖਿਆ ਤੁਹਾਡੀ ਜ਼ਿੰਮੇਵਾਰੀ ਹੈ। ਕਿਰਪਾ ਕਰਕੇ ਇਹ ਵੀ ਦੱਸੋ ਕਿ ਤੁਸੀਂ ਪੰਜਾਬ ਦੇ ਰਾਜਪਾਲ ਦੇ ਸਾਹਮਣੇ ਉਠਾਏ ਗਏ ਮੁੱਦਿਆਂ ਦਾ ਜਵਾਬ ਕਿਉਂ ਨਹੀਂ ਦਿੱਤਾ। ਤੁਸੀਂ ਸ਼ਰਾਬ ਅਤੇ ਮਾਈਨਿੰਗ ਮਾਫੀਆ ਨੂੰ ਕਿਉਂ ਬਚਾ ਰਹੇ ਹੋ?"