Punjab News: ਮੋਹਾਲੀ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਹਵਾਈ ਅੱਡੇ 'ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਉਦਘਾਟਨ ਨੂੰ ਲੈ ਕੇ ਪੰਜਾਬ 'ਚ ਸਿਆਸਤ ਗਰਮਾ ਗਈ ਹੈ। ਭਾਜਪਾ ਨੇ ਸਰਕਾਰ ਨੂੰ 72 ਘੰਟਿਆਂ ਅੰਦਰ ਬੁੱਤ ਦਾ ਉਦਘਾਟਨ ਕਰਨ ਦਾ ਅਲਟੀਮੇਟਮ ਦਿੱਤਾ ਸੀ, ਜੋ ਅੱਜ (1 ਦਸੰਬਰ) ਨੂੰ ਪੂਰਾ ਹੋ ਜਾਵੇਗਾ। ਇਸ ਦੇ ਨਾਲ ਹੀ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ‘ਆਪ’ ਕੋਲ ਪੂਰੇ ਦਿਨ ਦਾ ਸਮਾਂ ਹੈ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਦੇ ਪੰਜਾਬ ਵਿਰੋਧੀ ਚਿਹਰੇ ਨੂੰ ਹਰ ਕੋਈ ਜਾਣਦਾ ਹੈ। ਭਾਜਪਾ ਹਵਾਈ ਅੱਡੇ ਦਾ ਨਾਂਅ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਂਅ ’ਤੇ ਰੱਖਣ ਦੇ ਹੱਕ ਵਿੱਚ ਨਹੀਂ ਸੀ। ਹੁਣ ਇਹ ਸਾਰਾ ਡਰਾਮਾ ਕੀਤਾ ਜਾ ਰਿਹਾ ਹੈ। ਬੁੱਤ ਦੇ ਉਦਘਾਟਨ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਜਲਦੀ ਹੀ ਇਸ ਦਾ ਉਦਘਾਟਨ ਕਰਨਗੇ।
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ ਦਸ ਸਾਲਾਂ ਤੱਕ ਸ਼੍ਰੋਮਣੀ ਅਕਾਲੀ ਦਲ ਨਾਲ ਪੰਜਾਬ ਵਿੱਚ ਸੱਤਾ ’ਤੇ ਕਾਬਜ਼ ਸੀ ਪਰ ਉਸ ਵੇਲੇ ਤਾਂ ਭਾਜਪਾ ਨੇ ਕੁਝ ਕੀਤਾ ਨਹੀਂ। ਹਰਿਆਣਾ ਦੇ ਭਾਜਪਾ ਆਗੂ ਮੰਗਲ ਸੇਨ ਦੇ ਨਾਂਅ 'ਤੇ ਏਅਰਪੋਰਟ ਦਾ ਨਾਂ ਰੱਖਣਾ ਚਾਹੁੰਦੇ ਸਨ।
ਹੁਣ ਸੀ.ਐਮ.ਭਗਵੰਤ ਮਾਨ ਦੇ ਯਤਨਾਂ ਸਦਕਾ ਹਵਾਈ ਅੱਡੇ ਦਾ ਨਾਮ ਸ਼ਹੀਦ-ਏ-ਆਜ਼ਮ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਉਥੇ ਭਗਤ ਸਿੰਘ ਦਾ ਬੁੱਤ ਵੀ ਲਗਾਇਆ ਗਿਆ ਹੈ। ਮੁੱਖ ਮੰਤਰੀ ਨੇ ਇਸ ਦਾ ਉਦਘਾਟਨ ਕਰਨਾ ਹੈ। ਹੁਣ ਭਾਜਪਾ ਉਸ ਬੁੱਤ ਨੂੰ ਲੈ ਕੇ ਡਰਾਮਾ ਕਰ ਰਹੀ ਹੈ। ਭਾਜਪਾ ਵਾਲਿਆਂ ਨੇ ਭਗਤ ਸਿੰਘ ਨੂੰ ਹਮੇਸ਼ਾ ਨਫ਼ਰਤ ਕੀਤੀ ਹੈ। ਪੰਜਾਬ ਦੇ ਲੋਕ ਭਾਜਪਾ ਦੇ ਪੰਜਾਬ ਵਿਰੋਧੀ ਚਿਹਰੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਭਾਜਪਾ ਨੇ ਪੰਜਾਬ ਸਰਕਾਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਬੁੱਤ ਤੋਂ ਪਰਦਾ ਹਟਾਉਣ ਦਾ ਅਲਟੀਮੇਟਮ ਦਿੱਤਾ ਹੈ। ਬੁੱਤ ਨੂੰ ਛੇ ਮਹੀਨਿਆਂ ਤੋਂ ਪਰਦੇ ਨਾਲ ਢੱਕਿਆ ਹੋਇਆ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜੇ ਸੋਮਵਾਰ ਸਵੇਰ ਤੱਕ ਬੁੱਤ ਤੋਂ ਪਰਦਾ ਨਾ ਹਟਾਇਆ ਗਿਆ ਤਾਂ ਉਹ ਖੁਦ ਨੌਜਵਾਨਾਂ ਨਾਲ ਮਿਲ ਕੇ ਇਸ ਦਾ ਉਦਘਾਟਨ ਕਰਨਗੇ।
ਦੱਸ ਦਈਏ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 35 ਫੁੱਟ ਉੱਚਾ ਬੁੱਤ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਨ੍ਹਾਂ ਦੇ ਜਨਮ ਦਿਨ 'ਤੇ ਲਗਾਇਆ ਗਿਆ ਹੈ। ਸੀਐਮ ਭਗਵੰਤ ਮਾਨ 28 ਸਤੰਬਰ ਨੂੰ ਇਸ ਬੁੱਤ ਨੂੰ ਜਨਤਾ ਨੂੰ ਸਮਰਪਿਤ ਕਰਨਾ ਸੀ ਪਰ ਇਸ ਦੌਰਾਨ ਉਸ ਦੀ ਤਬੀਅਤ ਖ਼ਰਾਬ ਰਹੀ। ਇਸ ਤੋਂ ਬਾਅਦ ਇਹ ਕੰਮ ਅੱਧ ਵਿਚਾਲੇ ਹੀ ਛੱਡ ਦਿੱਤਾ ਗਿਆ।