Punjab News: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ 'ਆਪ' ਦੇ ਵਰਕਰ 'ਤੇ ਜਮ ਕੇ ਭੜਕੇ।  ਚਮਕੌਰ ਸਿੰਘ ਨੇ ਕਿਹਾ ਕਿ ਜਿੱਤ-ਹਾਰ ਵੱਖਰੀ ਗੱਲ ਹੈ ਪਰ ਕੁਝ ਪਾਰਟੀ ਵਰਕਰ ਮੂਸੇਵਾਲਾ ਦੇ ਪਿਤਾ ਅਤੇ ਪਰਿਵਾਰ ਲਈ ਗ਼ਲਤ ਸ਼ਬਦਾਵਲੀ ਵਰਤ ਕੇ ਟਿੱਪਣੀਆਂ ਕਰ ਰਹੇ ਹਨ। ਹੁਣ ਇਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਚਮਕੌਰ ਸਿੰਘ ਨੇ ਕਿਹਾ ਕਿ ਜੇਕਰ ਅੱਜ ਇੱਕ ਵਿਅਕਤੀ ਦੀ ਟਿੱਪਣੀ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਕਈ ਲੋਕ ਵੀ ਗ਼ਲਤ ਟਿੱਪਣੀਆਂ ਕਰਨਗੇ। ਚਮਕੌਰ ਸਿੰਘ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਜੋ ਫਤਵਾ ਦੇਣਾ ਸੀ, ਉਹ ਦਿੱਤਾ ਸੀ। ਮੂਸੇਵਾਲਾ ਦੇ ਪਰਿਵਾਰ ਦਾ ਸਰਕਾਰ ਦੀ ਜਿੱਤ ਜਾਂ ਹਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਆਪਣੇ ਬੇਟੇ ਦੀ ਮੌਤ ਤੋਂ ਬਾਅਦ ਸਰਕਾਰ ਵੱਲੋਂ ਇਨਸਾਫ਼ ਨਾ ਮਿਲਣ ਕਾਰਨ ਉਨ੍ਹਾਂ ਆਪਣਾ ਪੱਖ ਲੋਕਾਂ ਵਿਚਕਾਰ ਰੱਖਿਆ ਹੈ। ਇਸ ਕਾਰਨ ਸਰਕਾਰ ਦਾ ਵਿਰੋਧ ਕੀਤਾ ਗਿਆ ਹੈ।


ਚਮਕੌਰ ਸਿੰਘ ਨੇ ਕਿਹਾ ਕਿ ਬਲਕੌਰ ਸਿੰਘ ਪਹਿਲਾਂ ਹੀ ਇੰਨਾ ਦੁਖੀ ਹੈ ਕਿ ਉਹ ਆਪਣੇ ਪੁੱਤਰ ਲਈ ਇਨਸਾਫ਼ ਹੀ ਦੇਖਦਾ ਹੈ। ਸਨੌਰ ਦੇ ਜਰਨੈਲ ਸਿੰਘ ਨੇ ਉਨ੍ਹਾਂ ਖ਼ਿਲਾਫ਼ ਗ਼ਲਤ ਟਿੱਪਣੀ ਕੀਤੀ ਹੈ। ਬੇਸ਼ੱਕ ਇਸ ਤੋਂ ਬਾਅਦ ‘ਆਪ’ ਵਰਕਰ ਨੇ ਮੁਆਫ਼ੀ ਵੀ ਮੰਗ ਲਈ ਹੈ।


ਚਮਕੌਰ ਸਿੰਘ ਨੇ ਕਿਹਾ ਕਿ ਅੱਜ ਜੋ ਹਾਲਾਤ ਸਿੱਧੂ ਦੇ ਪਰਿਵਾਰ ਦੀ ਬਣ ਚੁੱਕੇ ਹਨ, ਜਿਸ ਦਿਨ ਜਰਨੈਲ ਸਿੰਘ ਦੇ ਪਰਿਵਾਰ ਦਾ ਇਹੋ ਹਾਲ ਹੋ ਜਾਵੇਗਾ, ਉਸ ਦਿਨ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਕਿਵੇਂ ਇੱਕ ਪਿਤਾ ਇਨਸਾਫ਼ ਲਈ ਘਰ-ਘਰ ਭਟਕ ਰਿਹਾ ਹੈ। ਚਮਕੌਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਆਗੂਆਂ ਦੀਆਂ ਗੰਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਕਿਸੇ ਦੇ ਪੈਸੇ ਲੈਣ ਦੇ ਵੀਡੀਓ ਸਾਹਮਣੇ ਆ ਰਹੇ ਹਨ ਪਰ ਸਿੱਧੂ ਦਾ ਇਮੇਜ ਇਨ੍ਹਾਂ ਲੋਕਾਂ ਤੋਂ ਕਿਤੇ ਉੱਚੀ ਹੈ।


ਚਮਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਪੁੱਤਰ ਦਾ ਕਾਤਲ ਹੈ। ਤਤਕਾਲੀ ਡੀਜੀਪੀ ਭਾਵਰਾ ਨੇ ਸਿੱਧੂ ਦੀ ਸੁਰੱਖਿਆ ਵਾਪਸ ਨਾ ਲੈਣ ਦੀ ਗੱਲ ਕਹੀ ਸੀ ਪਰ ਮਾਨ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਦਿੱਲੀ 'ਚ 'ਆਪ' ਦੀ ਸਰਕਾਰ ਹੈ ਅਤੇ ਉਸੇ ਤਿਹਾੜ ਜੇਲ 'ਚ ਬੈਠੇ ਗੈਂਗਸਟਰਾਂ ਨੇ ਸਿੱਧੂ ਦੀ ਮੌਤ ਦੀ ਸਾਜ਼ਿਸ਼ ਰਚੀ ਹੈ।