ਚੰਡੀਗੜ੍ਹ: ਆਉਂਦੇ 20 ਸਾਲਾਂ ਦੌਰਾਨ ਪੰਜਾਬ ਵਿੱਚ ਜਨਸੰਖਿਆ ਵਾਧਾ ਦਰ ਸਭ ਤੋਂ ਘੱਟ ਹੋ ਜਾਵੇਗੀ। ਇਸ ਤੋਂ ਬਾਅਦ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੀ ਵਾਰੀ ਆਵੇਗੀ। ਇਹ ਖੁਲਾਸਾ ਸਾਲ 2019 ਵਿੱਚ ਹੋਏ ਜਨਸੰਖਿਆ ਭਵਿੱਖਬਾਣੀ ਵਿੱਚ ਸਾਹਮਣੇ ਆਈ ਹੈ।


ਸਾਲ 2041 ਤਕ ਪੰਜਾਬ ਵਿੱਚ ਜਨਸੰਖਿਆ ਵਾਧਾ ਦਰ ਸਿਫਰ ਹੋਣ ਦੀ ਸੰਭਾਵਨਾ ਹੈ। ਸੰਸਦ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2011 ਵਿੱਚ ਇੱਥੇ ਜਨਸੰਖਿਆ ਵਾਧਾ ਦਰ 1.39 ਫ਼ੀਸਦ ਸੀ, ਤਾਂ ਸਾਲ 2031-41 ਤਕ ਇਹ ਦਰ ਘੱਟ ਕੇ 0.15 ਫ਼ੀਸਦ ਤਕ ਆ ਸਕਦੀ ਹੈ।

2011 ਵਿੱਚ ਪੰਜਾਬ 'ਚ 0 ਤੋਂ 19 ਸਾਲ ਦੇ ਉਮਰ ਵਰਗ ਦੇ ਨੌਜਵਾਨਾਂ ਦੀ ਜਨਸੰਖਿਆ 35.8 ਫ਼ੀਸਦ ਸੀ, ਪਰ ਸਾਲ 2041 ਵਿੱਚ ਇਹ ਘੱਟ ਕੇ 21 ਫ਼ੀਸਦ ਰਹਿ ਜਾਵੇਗੀ। ਦੂਜੇ ਪਾਸੇ ਸਾਲ 2011 ਵਿੱਚ ਬਜ਼ਰਗਾਂ ਦੀ ਆਬਾਦੀ 10.4 ਫ਼ੀਸਦ ਸੀ, ਜੋ 2041 ਵਿੱਚ ਵੱਧ ਕੇ 20.6 ਫ਼ੀਸਦ ਹੋ ਜਾਵੇਗੀ।

ਇਸ ਦਾ ਮੁੱਖ ਕਾਰਨ ਪ੍ਰਜਨਨ ਦਰ ਦਾ ਡਿੱਗਣਾ ਅਤੇ ਜੀਵਨ ਦੀ ਆਸ ਵਿੱਚ ਵਾਧਾ ਹੈ। ਇਸ ਨਾਲ ਕੰਮਕਾਜੀ ਉਮਰ ਦੀ ਜਨਸੰਖਿਆ ਵਧੇਗੀ ਅਤੇ ਸਕੂਲਾਂ ਵਿੱਚ ਜਾਣ ਵਾਲੇ ਬੱਚਿਆਂ ਦੀ ਗਿਣਤੀ ਘਟੇਗੀ। ਇਸ ਟਰੈਂਡ ਦੇ ਸਮਾਜਕ ਤੇ ਆਰਥਕ ਨਤੀਜੇ ਵੀ ਦੇਖਣ ਨੂੰ ਮਿਲਣਗੇ। ਇਸ ਤੋਂ ਬਾਅਦ ਹੀ ਸਰਕਾਰ ਸਿਹਤ, ਸਿੱਖਿਆ ਤੇ ਸੇਵਾਮੁਕਤੀ ਦੀ ਉਮਰ ਬਾਰੇ ਨੀਤੀਆਂ ਤਿਆਰ ਕਰਦੀ ਹੈ।