Punjab News: ਪੰਜਾਬ ਦੀਆਂ ਚਾਰ ਸੀਟਾਂ ਉੱਤੇ ਹੋ ਰਹੀਆਂ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਮੁਕਾਬਲੇ ਵਿੱਚ ਨਹੀਂ ਹੈ। ਇਸ ਦੇ ਬਾਵਜੂਦ ਗਿੱਦੜਬਾਹਾ ਦੇ ਬਾਜ਼ਾਰਾਂ ਵਿੱਚ ਲੱਗੇ ਅਕਾਲੀ ਦਲ ਦੇ ਪੋਸਟਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਵਿੱਚ ਪਾਰਟੀ ਵੱਲੋਂ ਆਪਣਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਸਗੋਂ ਸਾਬਕਾ ਅਕਾਲੀ ਤੇ ਆਪ ਉਮੀਦਵਾਰ ਡਿੰਪੀ ਢਿੱਲੋਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਨ੍ਹਾਂ ਪੋਸਟਰਾਂ 'ਤੇ ਡਿੰਪੀ ਢਿੱਲੋਂ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਤਸਵੀਰ ਵੀ ਲੱਗੀ ਹੋਈ ਹੈ।


ਗਿੱਦੜਬਾਹਾ ਵਿੱਚ ਪੋਸਟਰ ਮੁਹਿੰਮ ਰਾਹੀਂ ਅਕਾਲੀ ਦਲ ਨੇ ਡਿੰਪੀ ਢਿੱਲੋਂ ਪ੍ਰਤੀ ਨਾਰਾਜ਼ਗੀ ਅਤੇ ਅਸੰਤੁਸ਼ਟੀ ਦਾ ਸੰਕੇਤ ਦਿੱਤਾ ਹੈ। ਪੋਸਟਰਾਂ 'ਤੇ ਲਿਖਿਆ ਹੈ- ਜੋ ਨਹੀਂ ਹੋ ਸਕਿਆ ਭਰਾਵਾਂ ਵਰਗੇ ਪਰਿਵਾਰ ਦਾ, ਉਹ ਕੀ ਮੁੱਲ ਪਾਊਗਾ ਗਿੱਦੜਬਾਹਾ ਦੇ ਸਤਿਕਾਰ ਦਾ, ਭਾਵੇਂ ਇਨ੍ਹਾਂ ਪੋਸਟਰਾਂ 'ਤੇ ਜਾਰੀ ਕਰਨ ਵਾਲੇ ਦਾ ਨਾਂਅ ਨਹੀਂ ਲਿਖਿਆ ਗਿਆ ਪਰ ਪੋਸਟਰਾਂ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਦੇ ਚਿੰਨ੍ਹ ਲਗਾਏ ਗਏ ਹਨ।



ਪੋਸਟਰਾਂ ਵਿੱਚ ਅਕਾਲੀ ਦਲ ਦੇ ਨਾਲ ਢਿੱਲੋਂ ਦੀ ਪੁਰਾਣੀ ਤਸਵੀਰ ਦੀ ਵਰਤੋਂ ਕੀਤੀ ਗਈ ਹੈ ਜਿਸ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ ਕਿ ਡਿੰਪੀ ਦੇ ਪਾਰਟੀ ਛੱਡਣ ਦੇ ਫ਼ੈਸਲੇ ਨਾਲ ਵਰਕਰ ਨਾਰਾਜ਼ ਹਨ।


ਇਨ੍ਹਾਂ ਪੋਸਟਰਾਂ 'ਚ ਸੁਖਬੀਰ ਬਾਦਲ ਨਾਲ ਡਿੰਪੀ ਢਿੱਲੋਂ ਦੀ ਤਸਵੀਰ ਵਰਤੀ ਗਈ ਹੈ, ਜਿਸ ਤੋਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਢਿੱਲੋਂ ਕਦੇ ਅਕਾਲੀ ਦਲ ਤੇ ਖਾਸ ਕਰਕੇ ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਸਨ ਤੇ ਪਾਰਟੀ ਛੱਡਣ ਦੇ ਫ਼ੈਸਲੇ ਨੂੰ ਉਹ ਧੋਖੇ ਵਜੋਂ ਦੇਖ ਰਹੇ ਹਨ। ਅਜਿਹੇ ਪੋਸਟਰ ਗਿੱਦੜਬਾਹਾ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਵੋਟਰਾਂ ਦਾ ਧਿਆਨ ਖਿੱਚ ਰਹੇ ਹਨ।



ਲੋਕਾਂ ਵਿੱਚ ਚਰਚਾ ਹੈ ਕਿ ਅਕਾਲੀ ਦਲ ਦੀ ਚੋਣਾਂ ਵਿੱਚ ਸਿੱਧੀ ਸ਼ਮੂਲੀਅਤ ਨਾ ਹੋਣ ਦੇ ਬਾਵਜੂਦ ਪਾਰਟੀ ਨੇ ਇਨ੍ਹਾਂ ਪੋਸਟਰਾਂ ਰਾਹੀਂ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਹੈ ਅਤੇ ਚੋਣ ਸਮੀਕਰਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਝ ਲੋਕ ਇਸ ਨੂੰ ਡਿੰਪੀ ਢਿੱਲੋਂ ਦੇ ਅਕਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਮੰਨਦੇ ਹਨ, ਜਦਕਿ ਕੁਝ ਇਸ ਨੂੰ ਅਕਾਲੀ ਦਲ ਦੀ 'ਪ੍ਰਚਾਰ ਰਣਨੀਤੀ' ਮੰਨਦੇ ਹਨ।