Punjab news: ਅਨੰਤਨਾਗ ਵਿੱਚ ਹੋਏ ਅੱਤਵਾਗੀ ਹਮਲੇ ਵਿੱਚ ਪੰਜਾਬ ਦੇ ਸਮਾਣਾ ਹਲਕੇ ਦਾ ਜਵਾਨ ਪ੍ਰਦੀਪ ਸਿੰਘ ਸ਼ਹਾਦਤ ਜਾ ਜਾਮ ਪੀ ਗਿਆ ਹੈ। ਪ੍ਰਦੀਪ ਸਿੰਘ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ ਜਿਸ ਤੋਂ ਬਾਅਦ ਹੁਣ ਉਸ ਦੀ ਸ਼ਹਾਦਤ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ।


ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ, ਅਨੰਤਨਾਗ ਅੱਤਵਾਦੀ ਹਮਲੇ ‘ਚ ਲਾਪਤਾ ਫੌਜੀ ਜਵਾਨ ਦੇ ਸ਼ਹੀਦ ਹੋਣ ਦੀ ਦੁਖਦ ਸੂਚਨਾ ਮਿਲੀ…ਸਮਾਣਾ ਹਲਕੇ ਦਾ ਰਹਿਣ ਵਾਲਾ ਸ਼ਹੀਦ ਪ੍ਰਦੀਪ ਸਿੰਘ ਪਿਛਲੇ ਕਾਫੀ ਦਿਨਾਂ ਤੋਂ ਲਾਪਤਾ ਸੀ…ਸ਼ਹੀਦ ਜਵਾਨ ਦੇ ਦੇਸ਼ ਖ਼ਾਤਰ ਹੌਂਸਲੇ ਤੇ ਜਜ਼ਬੇ ਨੂੰ ਦਿਲੋਂ ਸਲਾਮ ਕਰਦਾ ਹਾਂ…ਨਾਲ ਹੀ ਪਰਿਵਾਰ ਨਾਲ ਦਿਲੋਂ ਹਮਦਰਦੀ…ਔਖੇ ਸਮੇਂ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ…ਹਰ ਸੰਭਵ ਸਹਾਇਤਾ ਪਰਿਵਾਰ ਨੂੰ ਦਿੱਤੀ ਜਾਵੇਗੀ…






ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਖੇਤਰ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ 4 ਜਵਾਨ ਸ਼ਹੀਦ ਹੋ ਗਏ ਹਨ ਜਿਨ੍ਹਾਂ ਵਿੱਚ ਮੁਹਾਲੀ ਜ਼ਿਲ੍ਹੇ ਦੇ ਪਿੰਡ ਭੜੌਜੀਆਂ ਦਾ ਕਰਨਲ ਮਨਪ੍ਰੀਤ ਸਿੰਘ ਬੈਂਸ (42) ਵੀ ਸ਼ਾਮਲ ਸੀ। ਮੁਕਾਬਲੇ ਦੌਰਾਨ ਪਹਿਲੀ ਗੋਲੀ ਕਰਨਲ ਮਨਪ੍ਰੀਤ ਸਿੰਘ ਨੂੰ ਲੱਗੀ ਸੀ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਮਨਪ੍ਰੀਤ ਸਿੰਘ ਸਾਲ 2003 ਵਿੱਚ ਬਤੌਰ ਲੈਫਟੀਨੈਂਟ ਕਰਨਲ ਭਰਤੀ ਹੋਇਆ ਸੀ ਤੇ ਉਹ ਕੁਝ ਸਮਾਂ ਪਹਿਲਾਂ ਹੀ ਪਦਉਨਤ ਹੋ ਕੇ ਕਰਨਲ ਬਣਿਆ ਸੀ


ਮਾਰਿਆ ਗਿਆ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ


ਜ਼ਿਕਰ ਕਰ ਦਈਏ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਚੱਲ ਰਹੇ ਮੁਕਾਬਲੇ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਉਜ਼ੈਰ ਖਾਨ ਨੂੰ ਮਾਰ ਮੁਕਾਇਆ ਹੈ। ਕਸ਼ਮੀਰ ਦੇ ਏਡੀਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਅਨੰਤਨਾਗ ਵਿੱਚ ਅੱਤਵਾਦੀ ਉਜ਼ੈਰ ਮਾਰਿਆ ਗਿਆ ਹੈ। ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ, ਜੋ ਕਿ ਕਿਸੇ ਅੱਤਵਾਦੀ ਦੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਵਿੱਚ ਚਾਰ ਜਵਾਨ ਵੀ ਸ਼ਹੀਦ ਹੋਏ ਹਨ।