Punjab News: ਪੰਜਾਬ ਪੁਲਿਸ ਅੱਜ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦੇ ਚੰਡੀਗੜ੍ਹ ਸਥਿਤ ਘਰ ਵਿੱਚ ਪੁੱਛਗਿੱਛ ਲਈ ਪਹੁੰਚੀ ਹੈ। ਇਹ ਕਾਰਵਾਈ ਉਨ੍ਹਾਂ ਵਿਰੁੱਧ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਪੰਜਾਬ ਵਿੱਚ ਗ੍ਰਨੇਡ ਆਉਣ ਬਾਰੇ ਦਿੱਤੇ ਬਿਆਨ ਲਈ ਕੀਤੀ ਗਈ ਹੈ ਪਰ ਇਸ ਮੌਕੇ ਪੰਜਾਬ ਪੁਲਿਸ ਨੂੰ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ ਹੈ।
ਇਸ ਬਾਬਤ ਪੰਜਾਬ ਦੇ ਏਆਈਜੀ ਕਾਊਂਟਰ ਇੰਟੈਲੀਜੈਂਸ ਰਵਜੋਤ ਗਰੇਵਾਲ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨਾਲ ਅਸੀਂ ਉਨ੍ਹਾਂ ਵੱਲੋਂ ਇੱਕ ਮੀਡੀਆ ਇੰਟਰਵਿਊ ਵਿੱਚ ਦਿੱਤੀ ਗਈ ਜਾਣਕਾਰੀ ਬਾਰੇ ਪੁੱਛਗਿੱਛ ਕੀਤੀ, ਜਿੱਥੇ ਉਨ੍ਹਾਂ ਕਿਹਾ ਸੀ ਕਿ 50 ਹੈਂਡ ਗ੍ਰਨੇਡ ਪੰਜਾਬ ਵਿੱਚ ਆਏ ਹਨ। ਅਸੀਂ ਇਸ ਜਾਣਕਾਰੀ ਦੇ ਸਰੋਤ ਦਾ ਪਤਾ ਲਗਾਉਣ ਤੇ ਹੋਰ ਵੇਰਵੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਤੇ ਬਾਜਵਾ ਨੂੰ ਇਸ ਜਾਣਕਾਰੀ ਦੇ ਸਰੋਤ ਬਾਰੇ ਪੁੱਛਿਆ, ਪਰ ਉਨ੍ਹਾਂ ਨੇ ਕੁਝ ਵੀ ਖੁਲਾਸਾ ਨਹੀਂ ਕੀਤਾ ਤੇ ਜਾਂਚ ਵਿੱਚ ਸਹਿਯੋਗ ਨਹੀਂ ਕੀਤਾ। ਉਨ੍ਹਾਂ ਨੇ ਪੁਲਿਸ ਨੂੰ ਸਰੋਤ ਜਾਂ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਹੈ।
ਪੁਲਿਸ ਦੇ ਘਰੇ ਆਉਣ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਦੇ ਮੁਖਾਤਬ ਹੁੰਦਿਆਂ ਆਪਣਾ ਪੱਖ ਰੱਖਿਆ ਤੇ ਕਿਹਾ ਕਿ ਮੇਰੇ ਸੂਤਰ ਨੇ ਮੈਨੂੰ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਵਿੱਚ 50 ਬੰਬ ਆ ਚੁੱਕੇ ਹਨ ਤੇ 18 ਬੰਬ ਧਮਕੇ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਇੱਕ ਮਨੋਰੰਜਨ ਕਾਲੀਆ ਦੇ ਘਰ ਵੀ ਹੋਇਆ ਹੈ।
ਬਾਜਵਾ ਨੇ ਕਿਹਾ ਕਿ ਮੇਰੇ ਸੂਤਰ ਪੰਜਾਬ ਦੀਆਂ ਤੇ ਕੇਂਦਰ ਦੀਆਂ ਏਜੰਸੀਆ ਵਿੱਚ ਹਨ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਜੋ ਹਲਾਤ ਬਣ ਰਹੇ ਹਨ ਉਹ ਪੰਜਾਬ ਸਰਕਾਰ ਦੇ ਹੱਥ ਵਿੱਚ ਨਹੀਂ ਹਨ। ਇਸ ਲਈ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੇ ਉੱਤੇ ਵੀ ਹਮਲਾ ਹੋ ਸਕਦਾ ਹੈ ਤੇ ਆਪਣੇ ਆਪ ਦਾ ਬਚਾਅ ਰੱਖਿਓ।
ਬਾਜਵਾ ਨੇ ਕਿਹਾ ਕਿ ਹੁਣ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਜਾਂਚ ਕਰਨ ਆਏ, ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਆਪਣੇ ਸੂਤਰ ਨਹੀਂ ਦੱਸਾਂਗਾ, ਬਾਜਵਾ ਨੇ ਕਿਹਾ ਕਿ ਮੈਂ ਤਾਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੇ ਹਲਾਤ ਮੁੜ ਤੋਂ ਬੇਕਾਬੂ ਹੋ ਰਹੇ ਹਨ ਤੇ ਭਗਵੰਤ ਮਾਨ ਗ੍ਰਹਿ ਮੰਤਰੀ ਵਜੋਂ ਫੇਲ੍ਹ ਹੋਏ ਹਨ। ਮੈਂ ਤਾਂ ਤੁਹਾਨੂੰ ਇਤਲਾਹ ਦੇ ਕੇ ਤੁਹਾਡੀ ਮਦਦ ਕੀਤੀ ਹੈ। ਬਾਜਵਾ ਨੇ ਕਿਹਾ ਕਿ ਜੇ ਭਗਵੰਤ ਮਾਨ ਨੇ ਬਿਨਾ ਕਿਸੇ ਮਕਦਸ ਤੋਂ ਐਕਸ਼ਨ ਲੈਣਾ ਹੈ ਤਾਂ ਉਹ ਲੈ ਸਕਦੇ ਹਨ।