ਮੋਗਾ: ਸਰਕਾਰੀ ਹਸਪਤਾਲ ਮੋਗਾ ਦੇ ਡਾਕਟਰਾਂ ਦੀ ਅਣਗਹਿਲੀ ਕਾਰਨ ਇੱਕ 26 ਸਾਲਾਂ ਗਰਭਵਤੀ ਔਰਤ ਦੀ ਮੌਤ ਹੋ ਗਈ। ਮ੍ਰਿਤਕ ਗਰਭਵਤੀ ਮਹਿਲਾ ਦੇ ਘਰਦਿਆਂ ਨੇ ਇਲਜ਼ਾਮ ਲਾਇਆ ਹੈ ਕੇ ਜਦ ਉਹ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲੈ ਕੇ ਆਏ ਤਾਂ ਲਗਭਗ 3 ਘੰਟਿਆ ਤਕ ਕਿਸੇ ਵੀ ਡਾਕਟਰ ਨੇ ਉਸਦੀ ਘਰਵਾਲੀ ਦਾ ਇਲਾਜ ਨਹੀਂ ਕੀਤਾ, ਜਿਸ ਕਰਕੇ ਮਹਿਲਾ ਦਰਦ ਨਾਲ ਕਰਲਾਉਂਦੀ ਰਹੀ ਕਤੇ ਆਖਰ ਉਸਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਕਾ ਸਿੰਘ ਵਾਸੀ ਹਿਮੰਤਪੁਰਾ ਆਪਣੀ 9 ਮਹੀਨਿਆਂ ਦੀ ਗਰਭਵਤੀ ਪਤਨੀ ਨਾਲ ਮੋਟਰਸਾਈਕਲ ਤੇ ਬਿਲਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਜਾ ਰਿਹਾ ਸੀ। ਪਿੰਡ ਭਾਗੀਕੇ ਕੋਲ ਇੱਕ ਤੇਜ਼ ਰਫਤਾਰ ਕਾਰ ਨਾਲ ਟੱਕਰ ਵੱਜਣ ਕਾਰਨ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ, ਜਿਸ ਕਾਰਨ ਗਰਭਵਤੀ ਔਰਤ ਗੰਭੀਰ ਜ਼ਖਮੀ ਹੋ ਗਈ।

ਇਸ ਪਿੱਛੋਂ ਔਰਤ ਨੂੰ ਪਹਿਲਾਂ ਮੋਗਾ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ। ਇੱਥੇ ਉਸਦੀ ਹਾਲਤ ਗੰਭੀਰ ਦੱਸਦਿਆਂ ਡਾਕਟਰਾਂ ਨੇ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਇੱਥੇ 3 ਘੰਟਿਆਂ ਤਕ ਕਿਸੇ ਡਾਕਟਰ ਨੇ ਮਹਿਲਾ ਦਾ ਇਲਾਜ ਨਹੀਂ ਕੀਤਾ ਜਿਸ ਕਰਕੇ ਮਹਿਲਾ ਦਰਦ ਦਾ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ।

ਇਸ ਬਾਰੇ ਜਦ ਐਮਰਜੇਂਸੀ ’ਚ ਮੌਜੂਦ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਮਹਿਲਾ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਮੁੱਢਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਗਾਇਨੀ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਉੱਥੇ ਹਾਲਤ ਨਾਜ਼ੁਕ ਹੋਣ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਡਾਕਟਰਾਂ ਤੇ ਕਾਰ ਚਾਲਕ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ।