Punjab news: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਜੰਮੂ-ਕਸ਼ਮੀਰ ਤੇ ਹਰਿਆਣਾ ਚੋਣਾਂ ਦੌਰਾਨ ਭਾਜਪਾ ਲਈ ਚੋਣ ਪ੍ਰਚਾਰ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਪ੍ਰੋ. ਚੰਦੂਮਾਜਰਾ ਨੇ ਜੰਮੂ ਵਿੱਚ ਭਾਜਪਾ ਲਈ ਚੋਣ ਪ੍ਰਚਾਰ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਸੁਧਾਰ ਲਹਿਰ ਨਾਗਪੁਰ ਤੋਂ ਹਦਾਇਤਾਂ ਲੈ ਰਹੀ ਹੈ।
ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪ੍ਰੋ. ਚੰਦੂਮਾਜਰਾ ਨੇ ਨਾ ਸਿਰਫ ਭਾਜਪਾ ਉਮੀਦਵਾਰ ਲਈ ਵੋਟਾਂ ਮੰਗੀਆਂ ਬਲਕਿ ਵੋਟਰਾਂ ਨਾਲ ਇਹ ਵੀ ਵਾਅਦਾ ਕੀਤਾ ਕਿ ਜੇਕਰ ਉਹ ਚੋਣਾਂ ਜਿੱਤ ਜਾਂਦਾ ਹੈ ਤਾਂ ਉਹ ਭਾਜਪਾ ਹਾਈ ਕਮਾਂਡ ਨਾਲ ਗੱਲਬਾਤ ਕਰ ਕੇ ਉਸਨੂੰ ਮੰਤਰੀ ਬਣਵਾਉਣਗੇ।
ਉਨ੍ਹਾਂ ਕਿਹਾ ਕਿ ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਸੁਧਾਰ ਲਹਿਰ ਹੋਰ ਕੁਝ ਨਹੀਂ ਬਲਕਿ ਆਰ ਐਸ ਐਸ ਤੇ ਭਾਜਪਾ ਵੱਲੋਂ ਤਿਆਰ ਕੀਤਾ ਸਮੂਹ ਹੈ। ਉਨ੍ਹਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਸੁਧਾਰ ਲਹਿਰ ਉਸੇ ਤਰੀਕੇ ਤਿਆਰ ਕੀਤੀ ਗਈ ਹੈ ਜਿਵੇਂ ਪਹਿਲਾਂ ਮਹਾਰਾਸ਼ਟਰ ਤੇ ਹੋਰ ਥਾਵਾਂ ’ਤੇ ਖੇਤਰੀ ਪਾਰਟੀਆਂ ਨੂੰ ਤੋੜ ਕੇ ਵੱਖਰੇ ਗਰੁੱਪ ਬਣਾਏ ਗਏ। ਉਹਨਾਂ ਇਹ ਵੀ ਕਿਹਾ ਕਿ ਆਰ ਐਸ ਐਸ ਤੇ ਭਾਜਪਾ ਸਿੱਖ ਸੰਸਥਾਵਾਂ ਤੇ ਸੰਗਠਨਾਂ ਨੂੰ ਤਬਾਹ ਕਰਨਾ ਚਾਹੁੰਦੇ ਹਨ।
ਗਰੇਵਾਲ ਨੇ ਕਿਹਾ ਕਿ ਸੁਧਾਰ ਲਹਿਰ ਦੇ 6 ਤੋਂ ਵੱਧ ਆਗੂ ਹੁਣ ਸਿੱਧਾ ਆਰ ਐਸ ਐਸ ਤੇ ਭਾਜਪਾ ਲਈ ਕੰਮ ਕਰ ਰਹੇ ਹਨ। ਪ੍ਰੋ. ਚੰਦੂਮਾਜਰਾ ਤੇ ਗਗਨਜੀਤ ਬਰਨਾਲਾ ਬੀਤੇ ਕੱਲ੍ਹ ਜੰਮੂ ਵਿਚ ਭਾਜਪਾ ਲਈ ਚੋਣ ਪ੍ਰਚਾਰ ਵਾਸਤੇ ਗਏ ਸਨ। ਰੱਖੜਾ ਭਰਾਵਾਂ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਸਾਂਝ ਜਨਤਕ ਕਰ ਦਿੱਤੀ ਹੈ ਜਦੋਂ ਕਿ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹਾਲ ਹੀ ਵਿਚ ਪਾਰਲੀਮਾਨੀ ਚੋਣਾਂ ਦੌਰਾਨ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਸਨ। ਬੀਬੀ ਜਗੀਰ ਕੌਰ ਨੇ ਪਿਛਲੇ ਸਾਲ ਭਾਜਪਾ ਨੇਤਾ ਇਕਬਾਲ ਸਿੰਘ ਲਾਲਪੁਰਾ ਦੀ ਹਮਾਇਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ ਲੜੀ ਸੀ।
ਪੰਚਾਇਤ ਚੋਣਾਂ ਦੀ ਗੱਲ ਕਰਦਿਆਂ ਗਰੇਵਾਲ ਨੇ ਕਿਹਾ ਕਿ ਚੋਣਾਂ ਝੋਨੇ ਦੇ ਸੀਜ਼ਨ ਵਿਚ ਇਸ ਲਈ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਘੱਟ ਤੋਂ ਘੱਟ ਲੋਕ ਵੋਟਾਂ ਪਾ ਸਕਣ। ਉਨ੍ਹਾਂ ਕਿਹਾ ਕਿ ਕਿਸਾਨ ਵਾਢੀ ਵਿਚ ਰੁੱਝੇ ਹਨ ਤੇ ਮਜ਼ਦੂਰ ਤੇ ਵਪਾਰੀ ਮੰਡੀਆਂ ਵਿਚ ਰੁੱਝੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹਾ ਇਸ ਕਰ ਕੇ ਕਰ ਰਹੀ ਹੈ ਤਾਂ ਜੋ ਆਪ ਉਮੀਦਵਾਰਾਂ ਦਾ ਵਿਰੋਧ ਨਾ ਹੋਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਵੋਟਾਂ ਪਾਉਣ ਦਾ ਸਮਾਂ ਸਵੇਰੇ 8.00 ਤੋਂ ਸ਼ਾਮ 4.00 ਵਜੇ ਦੀ ਥਾਂ ਸਵੇਰੇ 7.00 ਵਜੇ ਤੋਂ ਸ਼ਾਮ 7.00 ਵਜੇ ਤੱਕ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਚੋਣਾਂ ਵਿਚ ਭਾਗ ਲੈ ਸਕਣ।