Punjab News: ਪੰਜਾਬ ਸਰਕਾਰ ਨੇ ਸਰਕਾਰੀ ਕਾਲਜਾਂ ਨੂੰ ਲੈ ਕੇ ਇੱਕ ਅਜਿਹਾ ਫ਼ੈਸਲਾ ਕੀਤਾ ਹੈ ਜਿਸ ਨੂੰ ਲੈ ਕੇ ਹੁਣ ਵਿਰੋਧ ਸ਼ੁਰੂ ਹੋ ਗਿਆ ਹੈ। ਦਰਅਸਲ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਦੀ ਮਦਦ ਨਾਲ 8 ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰ (Autonomous) ਕਾਲਜਾਂ ਵਜੋਂ ਅਪਗ੍ਰੇਡ ਕਰਨ ਲਈ ਪਛਾਣ ਕੀਤੀ ਹੈ।
ਕਿਹੜੇ-ਕਿਹੜੇ ਕਾਲਜ ਨੇ ਸੂਚੀ ਵਿੱਚ ਸ਼ਾਮਲ ?
ਇਸ ਸੂਚੀ ਵਿੱਚ ਸਰਕਾਰੀ ਕਾਲਜ ਫ਼ਾਰ ਗਰਲਜ਼ ਲੁਧਿਆਣਾ, ਐੱਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਸਰਕਾਰੀ ਕਾਲਜ ਫ਼ਾਰ ਗਰਲਜ਼ ਪਟਿਆਲਾ, ਐੱਸ.ਆਰ. ਸਰਕਾਰੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਅਤੇ ਮੁਹਾਲੀ, ਮਲੇਰਕੋਟਲਾ ਅਤੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜਾਂ ਦੇ ਨਾਂ ਸੂਚੀ ਵਿੱਚ ਸ਼ਾਮਲ ਹਨ।
ਖੁਦਮੁਖਤਿਆਰੀ ਦਾ ਕੀ ਹੈ ਮਤਲਬ ?
ਖੁਦਮੁਖਤਿਆਰੀ ਦਾ ਮਤਲਬ ਇਹ ਹੋਵੇਗਾ ਕਿ ਇਹ ਕਾਲਜ ਮਾਨਤਾ ਪ੍ਰਾਪਤ ਯੂਨੀਵਰਸਿਟੀ ਦੀ ਇਜਾਜ਼ਤ ਤੋਂ ਬਿਨਾਂ ਮੌਜੂਦਾ ਕੋਰਸਾਂ ਦੀ ਸਮੀਖਿਆ ਕਰਨ ਤੇ ਨਵੇਂ ਕੋਰਸਾਂ ਨੂੰ ਮੁੜ ਡਿਜ਼ਾਈਨ ਕਰਨ ਲਈ ਸੁਤੰਤਰ ਹੋਣਗੇ। ਇਨ੍ਹਾਂ ਕਾਲਜਾਂ ਨੂੰ ਫੀਸ ਢਾਂਚੇ ਬਾਰੇ ਫੈਸਲਾ ਕਰਨ ਦੀ ਵੀ ਆਜ਼ਾਦੀ ਹੋਵੇਗੀ।
ਪੰਜਾਬ ਕਾਂਗਰਸ ਨੇ ਘੇਰੀ ਸਰਕਾਰ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਸਿੱਖਿਆ ਮਾਡਲ ਦੇ ਨਾਮ ਉੱਤੇ ਆਮ ਆਦਮੀ ਪਾਰਟੀ ਵੱਲੋਂ ਬਣਾਈ ਸਰਕਾਰ ਹੁਣ ਇਸ ਦੇ ਹੀ ਖਿਲਾਫ਼ ਕੰਮ ਕਰ ਰਹੀ ਹੈ। ਪਹਿਲਾਂ ਤੋਂ ਚੱਲ ਰਹੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਵੱਲ ਵਧਾਏ ਜਾ ਰਹੇ ਇਹ ਕਦਮ ਸਾਡੇ ਨੌਜਵਾਨਾਂ ਤੇ ਆਉਣ ਵਾਲੀਆਂ ਪੀੜੀਆਂ ਲਈ ਘਾਤਕ ਸਿੱਧ ਹੋਣਗੇ। ਗ਼ਰੀਬ ਵਿਦਿਆਰਥੀ ਮੋਟੀਆਂ ਫੀਸਾਂ ਕਿਵੇਂ ਭਰਨਗੇ? ਕੀ ਸਿੱਖਿਆ ‘ਤੇ ਸਿਰਫ਼ ਪੈਸੇ ਵਾਲਿਆਂ ਦਾ ਅਧਿਕਾਰ ਹੈ?