Who is Pradhan Mantri Baje ke: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਜਿੱਤਣ ਮਗਰੋਂ ਹੁਣ ਉਨ੍ਹਾਂ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਬਾਜੇਕੇ ਦੇ ਬੇਟੇ ਅਕਾਸ਼ਦੀਪ ਸਿੰਘ ਨੇ ਇਹ ਜਾਣਕਾਰੀ ਇੰਸਟਾਗ੍ਰਾਮ 'ਤੇ ਵੀਡੀਓ ਰਾਹੀਂ ਦਿੱਤੀ ਹੈ। 


ਪ੍ਰਧਾਨ ਮੰਤਰੀ ਬਾਜੇਕੇ ਇਸ ਵੇਲੇ ਅੰਮ੍ਰਿਤਪਾਲ ਸਿੰਘ ਨਾਲ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਚਰਚਾ ਹੈ ਕਿ ਪ੍ਰਧਾਨ ਮੰਤਰੀ ਬਾਜੇਕੇ ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਇਹ ਸੀਟ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਸਤੀਫਾ ਦੇਣ ਕਰਕੇ ਖਾਲੀ ਹੋਈ ਹੈ। ਰਾਜ ਵੜਿੰਗ ਨੇ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤਣ ਮਗਰੋਂ ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। 


ਕੌਣ ਹੈ ਪ੍ਰਧਾਨ ਮੰਤਰੀ ਬਾਜੇਕੇ
ਪ੍ਰਧਾਨ ਮੰਤਰੀ ਬਾਜੇਕੇ ਕਿਸਾਨ ਅੰਦੋਲਨ ਵਿੱਚ ਕਾਫੀ ਸਰਗਰਮ ਸੀ। ਉਹ ਅਕਸਰ ਕਿਸਾਨ ਅੰਦੋਲਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਾ ਰਹਿੰਦਾ ਸੀ। ਇਸ ਕਰਕੇ ਉਹ ਸੋਸ਼ਲ ਮੀਡੀਆ ਉਪਰ ਕਾਫੀ ਮਸ਼ਹੂਰ ਹੋ ਗਿਆ। ਉਹ ਬਾਅਦ ਵਿੱਚ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਹਮਾਇਤੀ ਬਣ ਗਿਆ ਸੀ। ਇਸ ਲਈ ਸਰਕਾਰ ਨੇ ਉਸ ਉਪਰ ਵੀ ਐਨਐਸਏ ਲਾ ਕੇ ਡਿੱਬਰੂਗੜ੍ਹ ਜੇਲ੍ਹ ਭੇਜ ਦਿੱਤਾ ਸੀ।


ਪ੍ਰਧਾਨ ਮੰਤਰੀ ਬਾਜੇਕੇ ਦਾ ਪਿਛੋਕੜ
ਪਿਛੋਕੜ ਦੀ ਗੱਲ ਕਰੀਏ ਤਾਂ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਮੋਗਾ ਦੇ ਪਿੰਡ ਧਰਮਕੋਟ ਦਾ ਰਹਿਣ ਵਾਲਾ ਹੈ। ਸਾਲ 2020 'ਚ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਪ੍ਰਧਾਨ ਮੰਤਰੀ ਬਾਜੇਕੇ ਨੇ ਦੱਸਿਆ ਸੀ ਕਿ ਉਹ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣਾ ਚਾਹੁੰਦਾ ਹੈ। ਇਸ ਲਈ ਉਸ ਨੇ ਆਪਣਾ ਨਾਂ ਬਦਲ ਕੇ ਪ੍ਰਧਾਨ ਮੰਤਰੀ ਰੱਖ ਲਿਆ। ਉਸ ਨੇ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਦੇ ਨਾਂ ਦਾ ਇੱਕ ਪੇਜ ਦੇਖਿਆ ਸੀ। ਇਸੇ ਲਈ ਉਸ ਨੇ ਆਪਣੇ ਪੇਜ ਦਾ ਨਾਂ ਪ੍ਰਧਾਨ ਮੰਤਰੀ ਰੱਖ ਲਿਆ। ਪ੍ਰਧਾਨ ਮੰਤਰੀ ਬਾਜੇਕੇ ਦਾ ਕਹਿਣਾ ਹੈ ਕਿ ਜੇਕਰ ਉਹ ਸੋਸ਼ਲ ਮੀਡੀਆ ਰਾਹੀਂ ਆਪਣੀ ਰੋਜ਼ੀ-ਰੋਟੀ ਚਲਾ ਰਿਹਾ ਹੈ ਤਾਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਫੇਸਬੁੱਕ 'ਤੇ ਉਸ ਦੇ ਕਰੀਬ 6.11 ਫਾਲੋਅਰਜ਼ ਹਨ।


ਪ੍ਰਧਾਨ ਮੰਤਰੀ ਬਾਜੇਕੇ ਖਿਲਾਫ 8 ਕੇਸ
ਪ੍ਰਧਾਨ ਮੰਤਰੀ ਬਾਜੇਕੇ ਖਿਲਾਫ ਹੁਣ ਤੱਕ ਕੁੱਲ 8 ਕੇਸ ਦਰਜ ਹਨ ਜਿਸ ਵਿੱਚ ਕਤਲ ਦੀ ਕੋਸ਼ਿਸ਼, ਐਨਡੀਪੀਐਸ ਐਕਟ ਵਰਗੇ ਕੇਸ ਸ਼ਾਮਲ ਹਨ। 2015 'ਚ ਜ਼ਮੀਨ ਦੇ ਮਾਮਲੇ 'ਚ ਉਸ 'ਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੋਇਆ ਸੀ। ਸਾਲ 2017 'ਚ ਉਸ ਕੋਲੋਂ ਕਥਿਤ ਤੌਰ 'ਤੇ 400 ਗ੍ਰਾਮ ਅਫੀਮ ਬਰਾਮਦ ਹੋਈ ਸੀ।


8ਵੀਂ ਪਾਸ ਤੇ 4 ਏਕੜ ਜ਼ਮੀਨ
ਪੁਲਿਸ ਦਸਤਾਵੇਜ਼ਾਂ ਅਨੁਸਾਰ ਪ੍ਰਧਾਨ ਮੰਤਰੀ ਬਾਜੇਕੇ 8ਵੀਂ ਪਾਸ ਹੈ। ਉਸ ਕੋਲ 4 ਏਕੜ ਜ਼ਮੀਨ ਹੈ। ਅੰਮ੍ਰਿਤਪਾਲ ਸਿੰਘ ਦੇ ਸੰਪਰਕ 'ਚ ਆਉਣ ਤੋਂ ਬਾਅਦ ਉਸ ਖਿਲਾਫ ਜਨਤਕ ਤੌਰ 'ਤੇ ਹਥਿਆਰਾਂ ਲਹਿਰਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸ ਕੋਲ ਕਿਸੇ ਹਥਿਆਰ ਦਾ ਲਾਇਸੈਂਸ ਨਹੀਂ।


ਅੰਮ੍ਰਿਤਪਾਲ ਸਿੰਘ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਉਹ ਸਿਰਫ਼ ਟੀ-ਸ਼ਰਟ, ਕਮੀਜ਼ ਤੇ ਟਰਾਊਜ਼ਰ ਵਿੱਚ ਹੀ ਨਜ਼ਰ ਆਉਂਦਾ ਸੀ ਤੇ ਪੱਗ ਵੀ ਨਹੀਂ ਬੰਨ੍ਹਦਾ ਸੀ ਪਰ ਅੰਮ੍ਰਿਤਪਾਲ ਸਿੰਘ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਸ ਨੇ ਅ੍ਰੰਮਿਤ ਛਕ ਲਿਆ ਤੇ ਸਿੱਖੀ ਬਾਣਾ ਪਾ ਲਿਆ। ਉਹ ਆਪਣੇ ਨਾਲ ਰਾਈਫਲ ਤੇ ਤਲਵਾਰ ਲੈ ਕੇ ਚੱਲ਼ਦਾ ਸੀ।