ਚੰਡੀਗੜ੍ਹ: ਸਕੂਲਾਂ ਵਿੱਚ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਤੋਂ ਪੰਜਾਬ ਦੇ ਪ੍ਰਾਈਵੇਟ ਸਕੂਲ 8 ਫੀਸਦੀ ਤੋਂ ਵੱਧ ਫੀਸ ਨਹੀਂ ਵਧਾ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਦਿਆਰਥੀਆਂ ਤੋਂ ਲਈ ਜਾਣ ਵਾਲੀ ਫੀਸ ਦਾ ਵੀ ਬਿਓਰਾ ਨੋਟਿਸ ਬੋਰਡ ’ਤੇ ਲਾਉਣਾ ਪਏਗਾ। ਇਸ ਵਿੱਚ ਦਾਖ਼ਲਾ ਫੀਸ ਤੋਂ ਲੈ ਕੇ ਵਿਦਿਆਰਥੀਆਂ ਤੋਂ ਵਸੂਲੇ ਜਣ ਵਾਲੇ ਸਾਲਾਨਾ, ਮਹੀਨਾਵਾਰ ਤੇ ਹੋਰ ਚਾਰਜਿਸ ਦਾ ਬਿਓਰਾ ਵੀ ਸ਼ਾਲਮ ਹੋਏਗਾ।

ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ 3 ਮਹੀਨੇ ਪਹਿਲਾਂ ਪੰਜਾਬ ਫੀਸ ਰੈਗੂਲੇਟਰੀ ਕਮਿਸ਼ਨ ਨੇ ਪ੍ਰਾਈਵੇਟ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਫੀਸ ਵਸੂਲੀ ਦੀਆਂ ਮਨਮਰਜ਼ੀਆਂ ’ਤੇ ਨਕੇਲ ਕੱਸਣ ਲਈ ਇਹ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਦੇ ਨਾਲ ਹੀ ਕਮਿਸ਼ਨ ਨੇ ਜਾਂਚ ਕਰਨ ਲਈ ਟੀਮਾਂ ਦਾ ਗਠਨ ਕੀਤਾ ਹੈ, ਜੋ ਸਮੇਂ ਸਮੇਂ ਤੇ ਇਸ ਦੀ ਜਾਂਚ ਕਰਨਗੀਆਂ।

ਨੋਟਿਸ ਬੋਰਡ ’ਤੇ ਫੀਸਾਂ ਦਾ ਵੇਰਵਾ ਲਾਉਣ ਨਾਲ ਪਾਰਦਰਸ਼ਤਾ ਵਧੇਗੀ ਅਤੇ ਪ੍ਰਸ਼ਾਸਨ ਨੂੰ ਫੀਸਾਂ ਵਸੂਲੀ ਬਾਰੇ ਪੂਰੀ ਜਾਣਕਾਰੀ ਮਿਲੇਗੀ। ਇਸ ਦੇ ਇਲਾਵਾ ਪ੍ਰਗਰਾਮਾਂ ਦੇ ਨਾਂ ’ਤੇ ਜੋ ਵਾਧੂ ਪੈਸੇ ਵਸੂਲੇ ਜਾਂਦੇ ਹਨ, ਉਨ੍ਹਾਂ ’ਤੇ ਵੀ ਲਗਾਮ ਕੱਸੀ ਜਾ ਸਕੇਗੀ।