Mansa News : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਮਾਨਸਾ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਅਨੋਖਾ ਫੈਸਲਾ ਲਿਆ ਗਿਆ ਹੈ। ਸਕੂਲਾਂ ਦੇ ਪ੍ਰਬੰਧਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਬੱਚੇ ਦਾ ਪਿਤਾ ਨਸ਼ਾ ਤਸਕਰੀ ਵਿੱਚ ਫੜਿਆ ਗਿਆ ਤਾਂ ਉਸ ਦੇ ਬੱਚੇ ਦਾ ਸਕੂਲ 'ਚੋਂ ਨਾਮ ਕੱਟ ਦਿੱਤਾ ਜਾਵੇਗਾ। ਓਥੇ ਹੀ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਸ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਹੈ ਅਤੇ ਉਸ ਦੇ ਪਿਤਾ ਦੀ ਬੱਚੇ ਨੂੰ ਸਜ਼ਾ ਕਿਉਂ ਦਿੱਤੀ ਜਾਵੇ।
ਦਰਅਸਲ 'ਚ ਜੇਕਰ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਬੱਚਿਆਂ ਦਾ ਪਿਤਾ ਨਸ਼ਾ ਤਸਕਰੀ 'ਚ ਫੜਿਆ ਗਿਆ ਤਾਂ ਉਸ ਦੇ ਬੱਚੇ ਦਾ ਨਾਂ ਸਕੂਲ 'ਚੋਂ ਕੱਟ ਦਿੱਤਾ ਜਾਵੇਗਾ, ਇਹ ਫੈਸਲਾ ਮਾਨਸਾ ਜ਼ਿਲੇ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਦੇ ਸਮਰਥਨ 'ਚ ਇਹ ਫੈਸਲਾ ਲਿਆ ਹੈ।
ਸਕੂਲ ਦੇ ਸਰਪ੍ਰਸਤ ਪਵਨ ਕੁਮਾਰ ਮੱਤੀ, ਚੇਅਰਮੈਨ ਸਰਬਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ, ਉਥੇ ਹੀ ਉਨ੍ਹਾਂ ਨੇ ਵੀ ਇਸ ਮੁਹਿੰਮ ਦਾ ਸਮਰਥਨ ਕਰਦੇ ਹੋਏ ਇਕ ਨਿਵੇਕਲਾ ਫੈਸਲਾ ਲਿਆ ਹੈ। ਫੈਸਲਾ ਕੀਤਾ ਗਿਆ ਕਿ ਜੇਕਰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਕਿਸੇ ਬੱਚੇ ਦਾ ਪਿਤਾ ਨਸ਼ਾ ਤਸਕਰੀ ਵਿੱਚ ਫੜਿਆ ਜਾਂਦਾ ਹੈ ਤਾਂ ਉਸ ਦੇ ਬੱਚੇ ਦਾ ਨਾਮ ਸਕੂਲ ਵਿੱਚੋਂ ਕੱਟ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬੱਚਿਆਂ ਦੇ ਭਵਿੱਖ ਲਈ ਅਜਿਹਾ ਕਦਮ ਚੁੱਕ ਰਹੇ ਹਨ ਕਿਉਂਕਿ ਅੱਜ ਪੰਜਾਬ ਦੀ ਜਵਾਨੀ ਨਸ਼ੇ ਵਿੱਚ ਧਸ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਨਸ਼ੇ ਦੀ ਚਪੇਟ ਵਿੱਚ ਨਹੀਂ ਆਉਣ ਦੇਵਾਂਗੇ।
ਓਥੇ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਇੱਕ ਮਤਾ ਪਾਇਆ ਗਿਆ ਹੈ, ਜਿਸ ਵਿੱਚ ਜੇਕਰ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਬੱਚੇ ਦਾ ਪਿਤਾ ਨਸ਼ਾ ਤਸਕਰੀ ਵਿੱਚ ਫੜਿਆ ਜਾਂਦਾ ਹੈ ਤਾਂ ਉਸ ਦੇ ਬੱਚੇ ਦਾ ਨਾਮ ਸਕੂਲ ਵਿੱਚੋਂ ਕੱਟ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪ੍ਰਾਈਵੇਟ ਸਕੂਲਾਂ ਦੇ ਪ੍ਰਧਾਨ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦਾ ਸੁਨੇਹਾ ਨਸ਼ੇ ਨੂੰ ਬੰਦ ਕਰਨ ਲਈ ਹੈ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਿਸੇ ਬੱਚੇ ਦਾ ਪਿਤਾ ਨਸ਼ਾ ਵੇਚਦਾ ਹੈ ਤਾਂ ਉਸ ਨੂੰ 15 ਦਿਨਾਂ ਦਾ ਸਮਾਂ ਦਿੱਤਾ ਜਾਵੇਗਾ। ਨੋਟਿਸ ਦੇ ਬਾਅਦ ਵੀ ਜੇਕਰ ਉਹ ਨਾ ਰੁਕਿਆ ਤਾਂ ਬੱਚੇ ਦਾ ਨਾਮ ਕੱਟ ਦਿੱਤਾ ਜਾਵੇਗਾ।