ਹੁਸ਼ੀਆਰਪੁਰ: ਵੀਰਵਾਰ ਨੂੰ ਜ਼ਿਲ੍ਹਾ ਹੁਸ਼ੀਆਰਪੁਰ ਵਿੱਚ ਉਸ ਵੇਲੇ ਹੱਲਚਲ ਦਾ ਮਾਹੌਲ ਬਣ ਗਿਆ ਜਦੋਂ ਲੋਕਾਂ ਨੇ ਸ਼ਹਿਰ ਦੀਆਂ ਵੱਖ-ਵੱਖ ਕੰਧਾਂ ਤੇ ਖਾਲਿਸਤਾਨ ਪੱਖੀ ਨਾਅਰੇ ਵੇਖੇ।ਅਣਪਛਾਤੇ ਵਿਅਕਤੀਆਂ ਨੇ ਸ਼ਹਿਰ ਦੀਆਂ ਵੱਖ ਵੱਖ ਕੰਧਾਂ ਖ਼ਾਸ ਕਰ ਉਨ੍ਹਾਂ ਇਮਾਰਤਾਂ ਨੂੰ ਨਾਅਰੇ ਲਿਖਣ ਲਈ ਚੁਣਿਆ ਜਿੱਥੇ ਆਮ ਲੋਕਾਂ ਦਾ ਆਉਣਾ ਜਾਣਾ ਜ਼ਿਆਦਾ ਸੀ।
ਮਾਮਲੇ ਦਾ ਪਤਾ ਲੱਗਦੇ ਹੀ ਥਾਣਾ ਮਾਹਿਲਪੁਰ ਦੀ ਪੁਲਿਸ ਨੇ ਹਰਕਤ ਵਿਚ ਆਉਂਦੇ ਹੋਏ ਇਨ੍ਹਾਂ ਲਿਖਤਾਂ ਨੂੰ ਕਾਲੇ ਰੰਗ ਨਾਲ ਮਿਟਾਇਆ ਅਤੇ ਨਜ਼ਦੀਕੀ ਦੁਕਾਨਾਂ ’ਤੇ ਲੱਗੇ ਸੀ ਸੀ ਟੀ ਵੀ ਕੈਮਰੇ ਖੰਘਾਲਣੇ ਸ਼ੁਰੂ ਕੀਤੇ। ਸਿਵਲ ਹਸਪਤਾਲ ਨਜ਼ਦੀਕ ਲੱਗੇ ਕੈਮਰਿਆਂ ਵਿਚ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੂੰ ਇਹ ਨਾਅਰੇ ਲਿਖਦੇ ਹੋਏ ਦੇਖਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮਾਹਿਲਪੁਰ ਸ਼ਹਿਰ ਦੀ ਸਿਵਲ ਹਸਪਤਾਲ ਰੋਡ ’ਤੇ ਪੈਂਦੇ ਜਲ ਸਪਲਾਈ, ਸਿਵਲ ਹਸਪਤਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਨਜ਼ਦੀਕ, ਜੇਜੋਂ ਰੋਡ ’ਤੇ ਗੁਰਦੁਆਰਾ ਸ਼ਹੀਦਾਂ ਨੂੰ ਜਾਂਦੀ ਸੜਕ ’ਤੇ ਬਣੇ ਸਵਾਗਤੀ ਗੇਟ ਸਮੇਤ ਹੋਰ ਥਾਵਾਂ ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ। ਇਹ ਵੇਖਕੇ ਆਮ ਲੰਘ ਰਹੇ ਲੋਕਾਂ ਵਿਚ ਹੱਲਚਲ ਮੱਚ ਗਈ।
ਪੁਲਿਸ ਨੂੰ ਪਤਾ ਲੱਗਾ ਕਿ ਬਿਨ੍ਹਾਂ ਨੰਬਰ ਮੋਟਰਸਾਇਕਲ ਤੇ ਸਵਾਰ ਤਿੰਨ ਮੁਲਜ਼ਮਾਂ ਵਿੱਚੋਂ ਦੋ ਵਿਅਕਤੀ ਮੋਟਰਸਾਈਕਲ ’ਤੇ ਬੈਠੇ ਰਹੇ ਅਤੇ ਤੀਜਾ ਸਪਰੇਅ ਪੇਂਟ ਨਾਲ ਇਨ੍ਹਾਂ ਨਾਅਰਿਆਂ ਨੂੰ ਲਿਖਦਾ ਗਿਆ। ਉਸ ਨੇ ਹਰ ਇੱਕ ਨਾਅਰਾ ਲਿਖਣ ਲਈ ਤਿੰਨ ਤੋਂ ਚਾਰ ਸੈਕਿੰਡ ਦਾ ਸਮਾਂ ਲਿਆ ਅਤੇ ਚੰਡੀਗੜ੍ਹ ਗੜ੍ਹਸ਼ੰਕਰ ਰੋਡ ਵੱਲ ਨੂੰ ਫ਼ਰਾਰ ਹੋ ਗਏ। ਇੱਕ ਮਹੀਨਾ ਪਹਿਲਾਂ ਵੀ ਇਸੇ ਤਰਾਂ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿਚ ਖ਼ਾਲਿਸਤਾਨ ਪੱਖ਼ੀ ਨਾਅਰੇ ਲਿਖੇ ਗਏ ਸੀ।