ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ 7353 ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ ਪਰ ਇਨ੍ਹਾਂ ਦੀ ਗ੍ਰਿਫਤਾਰੀ ਲਈ ਕੋਈ ਸਰਗਰਮੀ ਨਹੀਂ ਵਿਖਾਈ ਦੇ ਰਹੀ। ਬੁੱਧਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ। ਤਸੱਲੀਬਖਸ਼ ਵਾਬ ਨਾ ਮਿਲਣ 'ਤੇ 'ਆਪ' ਵਿਧਾਇਕਾਂ ਨੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਵਾਕਆਊਟ ਕਰ ਦਿੱਤਾ।
ਦਰਅਸਲ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਵੱਲੋਂ ਪੁੱਛੇ ਗਏ ਸਵਾਲ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਰਫ਼ਤ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ 7353 ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਹੈ। ਇਨ੍ਹਾਂ ਨੂੰ ਫੜਨ ਲਈ ਗਜ਼ਟਿਡ ਅਫ਼ਸਰਾਂ ਦੀ ਨਿਗਰਾਨੀ 'ਚ ਪੀਓ ਸੈੱਲ ਸਥਾਪਤ ਕਰਨ ਸਮੇਤ ਕਈ ਕਦਮ ਚੁੱਕੇ ਜਾਂਦੇ ਹਨ।
ਇਸ 'ਤੇ ਜ਼ਿਮਨੀ ਸਵਾਲ ਕਰਦਿਆਂ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਇੰਨੇ ਭਗੌੜਿਆਂ ਦੇ ਖੁੱਲ੍ਹਾ ਘੁੰਮਣ ਨਾਲ ਅਪਰਾਧਾਂ 'ਚ ਕਮੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਲਈ ਸਾਰੇ ਭਗੌੜਿਆਂ ਦੀਆਂ ਫ਼ੋਟੋਆਂ ਜਨਤਕ ਥਾਵਾਂ 'ਤੇ ਲਾਈਆਂ ਜਾਣ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਭਗੌੜੇ ਸਿਆਸੀ ਪੁਸ਼ਤ ਪਨਾਹੀ 'ਚ ਹਨ।
ਉਨ੍ਹਾਂ ਕਿਹਾ ਕਿ ਬੁਢਲਾਡਾ ਤੋਂ ਕਾਂਗਰਸ ਦੀ ਹਲਕਾ ਇੰਚਾਰਜ ਰਣਜੀਤ ਕੌਰ ਭੱਟੀ ਦੀ ਗੱਡੀ ਚਲਾਉਣ ਵਾਲਾ ਪੀਏ ਵੀ ਭਗੌੜਾ ਐਲਾਨਿਆ ਮੁਲਜ਼ਮ ਹੈ ਪਰ ਪੁਲਿਸ ਉਸ ਨੂੰ ਫੜ ਨਹੀਂ ਰਹੀ। ਭਗੌੜੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਬ੍ਰਹਮ ਮਹਿੰਦਰਾ ਵੱਲੋਂ ਤਸੱਲੀਬਖ਼ਸ਼ ਜਵਾਬ ਨਾ ਮਿਲਣ 'ਤੇ 'ਆਪ' ਵਿਧਾਇਕ ਭੜਕ ਗਏ ਤੇ ਉਨ੍ਹਾਂ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਵਾਕਆਊਟ ਕੀਤਾ।
ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਿਫ਼ਰ ਕਾਲ 'ਚ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਗੰਨਾਂ ਕਾਸ਼ਤਕਾਰ ਕਿਸਾਨਾਂ ਦੇ ਬਕਾਏ ਨਾ ਦਿੱਤੇ ਜਾਣ ਦਾ ਮੁੱਦਾ ਪੰਜਾਬ ਵਿਧਾਨ ਸਭਾ 'ਚ ਉਠਾਇਆ। ਚੀਮਾ ਨੇ ਦੱਸਿਆ ਕਿ ਸੂਬੇ ਦੇ ਗੰਨਾਂ ਕਾਸ਼ਤਕਾਰ ਕਿਸਾਨ ਖੰਡ ਮਿੱਲਾਂ ਵੱਲੋਂ ਸਮੇਂ ਸਿਰ ਭੁਗਤਾਨ ਨਾ ਕਰਨ ਤੋਂ ਬੇਹੱਦ ਦੁਖੀ ਹਨ। ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਕੱਲੀ ਧੂਰੀ ਦੀ ਪ੍ਰਾਈਵੇਟ ਖੰਡ ਮਿੱਲ ਵੱਲ ਕਿਸਾਨਾਂ ਦੇ ਲਗਪਗ 60 ਕਰੋੜ ਰੁਪਏ ਬਕਾਏ ਖੜ੍ਹੇ ਹਨ। ਜਦਕਿ ਸਾਰੀਆਂ ਖੰਡ ਮਿੱਲਾਂ ਵੱਲ ਲਗਪਗ 700 ਕਰੋੜ ਰੁਪਏ ਦੇ ਬਕਾਏ ਪਿਛਲੇ ਕਈ ਸਾਲਾਂ ਦੇ ਖੜ੍ਹੇ ਹਨ।