ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਰਗ ਰਗ ਵਿੱਚ ਪੰਜਾਬ ਹੈ, ਉਨ੍ਹਾਂ ਦਾ ਪੰਜਾਬੀਆਂ ਦੀ ਨਬਜ਼ ਨੂੰ ਪਛਾਣਦੇ ਹੋਣ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਪ੍ਰਤੀ ਉਸਾਰੂ ਸੋਚ ਸਦਕਾ ਪੰਜਾਬ ਭਾਜਪਾ ਨੂੰ ਹੁਣ ਸਖ਼ਤ ਮਜ਼ਬੂਤੀ ਮਿਲੇਗੀ ਅਤੇ ਹੁਣ ਪੰਜਾਬ ਭਾਜਪਾ ਨੂੰ ਕਿਸੇ ਗੱਠਜੋੜ ਜਾਂ ਸਹਾਰੇ ਦੀ ਲੋੜ ਨਹੀਂ ਹੈ। ਪਾਰਟੀ ਹੋਰ ਤੇਜ਼ੀ ਨਾਲ ਅੱਗੇ ਵਧੇਗੀ।


ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਵਿਖੇ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲਣ ਮੌਕੇ ਸੁਨੀਲ ਜਾਖੜ ਨੂੰ ਸ਼ੁੱਭਕਾਮਨਾਵਾਂ ਦੇਣ ਉਪਰੰਤ ਅਮ੍ਰਿਤਸਰ ਪਰਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਤੇ ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ, ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਆਲਮਬੀਰ ਸਿੰਘ ਸੰਧੂ ਤੇ ਕੁਲਦੀਪ ਸਿੰਘ ਕਾਹਲੋਂ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਹਾਈ ਕਮਾਨ ਨੇ ਸੁਨੀਲ ਜਾਖੜ 'ਤੇ ਭਰੋਸਾ ਕਰਕੇ ਪੰਜਾਬ ਭਾਜਪਾ ਨੂੰ ਇਕ ਤਜਰਬੇਕਾਰ, ਲਿਆਕਤ ਵਾਲੇ, ਸੂਝਵਾਨ ਤੇ ਹਲੀਮੀ ਨਾਲ ਭਰਪੂਰ ਆਗੂ ਦਿੱਤਾ ਹੈ। ਜਿਸ ਦੇ ਸੁਭਾਅ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਹੈ। 


ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਜਾਖੜ ਆਤਮ ਵਿਸ਼ਵਾਸ ਨਾਲ ਭਰਪੂਰ ਹਨ ਅਤੇ ਇਹਨਾਂ ਤੋਂ ਭਾਜਪਾ ਨੂੰ ਬਹੁਤ ਸਾਰੀਆਂ ਉਮੀਦਾਂ ਹਨ। ਪੰਜਾਬ ਭਾਜਪਾ ਜਾਖੜ ਦੀ ਅਗਵਾਈ ’ਚ ਪੰਜਾਬ ਲਈ ਇਕ ਮਜ਼ਬੂਤ ਸਿਆਸੀ ਬਦਲ ਬਣ ਕੇ ਪੰਜਾਬ ਦੀਆਂ 13 ਲੋਕ ਸਭਾ ਅਤੇ 117 ਵਿਧਾਨ ਸਭਾ ਸੀਟਾਂ ਵਿੱਚ ਭਾਜਪਾ ਦੀ ਜਿੱਤ ਦੇ ਝੰਡੇ ਗੱਡਣ ਚ ਕਾਮਯਾਬ ਰਹੇਗੀ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਸਿੱਖਾਂ ਨਾਲ ਪਿਆਰ ਕਰਨ ਵਾਲੇ ਆਗੂ ਹਨ । ਸਿੱਖ ਮੁੱਦਿਆਂ ਨੂੰ ਨੇੜੇਓ ਜਾਣਦੇ ਅਤੇ ਸਮਝਦੇ ਹੋਣ ਕਾਰਨ ਉਨ੍ਹਾਂ ਦੀ ਅਗਵਾਈ ਸਿੱਖ ਮਸਲਿਆਂ ਨੂੰ ਸੁਲਝਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਆਰਥਿਕ ਤੇ ਬੋਧਿਕ ਪੱਖੋਂ ਤਬਾਹੀ ਕੰਢੇ ਖੜ੍ਹਾ ਹੈ। ਇਕ ਮਜ਼ਬੂਤ ਲੀਡਰਸ਼ਿਪ ਹੀ ਨਸ਼ਾ, ਲੁੱਟਾਂ ਖੋਹਾਂ ਕਤਲ ਅਤੇ ਗੈਂਗਵਾਰ ਨਾਲ ਤਬਾਹ ਹੋ ਰਹੇ ਪੰਜਾਬ ਨੂੰ ਸਹੀ ਲੀਹ 'ਤੇ ਲਿਆ ਸਕਦਾ ਹੈ। ਪੰਜਾਬ ਨੂੰ ਅਤੇ ਪੰਜਾਬ ਭਾਜਪਾ ਨੂੰ ਇਕ ਗਤੀਸ਼ੀਲ ਲੀਡਰਸ਼ਿਪ ਦੀ ਲੋੜ ਸੀ, ਜੋ ਭਾਜਪਾ ਹਾਈ ਕਮਾਨ ਨੇ ਸੁਨੀਲ ਜਾਖੜ ਦੇ ਰੂਪ ’ਚ ਇਹ ਲੋੜ ਪੂਰੀ ਕਰ ਦਿੱਤੀ ਹੈ। ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸੁਨੀਲ ਜਾਖੜ ਨੂੰ ਹਰ ਤਰਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਭਾਜਪਾ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ’ਚ ਯੋਗਦਾਨ ਪਾਵੇਗੀ।