ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁੱਕਰਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਾਏ ਜਾਣ ਵਾਲੇ ਵੱਖ-ਵੱਖ ਗੁਰਮਤਿ ਸਮਾਗਮਾਂ ਦਾ ਵੇਰਵਾ ਜਾਰੀ ਕੀਤਾ ਗਿਆ। ਇਸ ਮੁਾਤਬਕ ਪਹਿਲੀ ਨਵੰਬਰ ਤੋਂ 13 ਨਵੰਬਰ ਤੱਕ ਗੁਰਮਤਿ ਸਮਾਗਮ ਨਿਰੰਤਰ ਜਾਰੀ ਰਹਿਣਗੇ। ਪਹਿਲੀ ਨਵੰਬਰ ਤੋਂ 8 ਨਵੰਬਰ ਤਕ ਸਮਾਗਮਾਂ ਦਾ ਸਥਾਨ ਭਾਈ ਮਰਦਾਨਾ ਜੀ ਦੀਵਾਨ ਹਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ, ਜਦਕਿ 9 ਤੋਂ 12 ਨਵੰਬਰ ਤਕ ਦੇ ਸਮਾਗਮ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਹੋਣਗੇ।
ਇਨ੍ਹਾਂ ਸਮਾਗਮਾਂ ਤਹਿਤ ਸੰਗਤਾਂ ਵਿਸ਼ਵ ਪੱਧਰੀ ਮੁੱਖ ਸਮਾਗਮਾਂ ਤੋਂ ਇਲਾਵਾ ਵੱਖ-ਵੱਖ ਦਿਨਾਂ ਵਿੱਚ ਕੀਰਤਨ ਦਰਬਾਰ, ਢਾਡੀ ਦਰਬਾਰ, ਕਵੀਸ਼ਰੀ ਦਰਬਾਰ, ਸਿੱਖ ਸ਼ਖ਼ਸੀਅਤਾਂ ਦਾ ਸਨਮਾਨ, ਰਾਗ ਦਰਬਾਰ, ਇਸਤਰੀ ਸੰਮੇਲਨ, ਨੌਜੁਆਨ ਸੰਗੀਤ ਸੰਮੇਲਨ, ਵਿਸ਼ਵ ਸਿੱਖ ਨੌਜੁਆਨ ਸੰਮੇਲਨ, ਅੰਤਰ ਧਰਮ ਸੰਵਾਦ ਸੰਮੇਲਨ ਆਦਿ ਦਾ ਅਨੰਦ ਮਾਣ ਸਕਣਗੀਆਂ। ਇਸ ਤੋਂ ਇਲਾਵਾ ਲਾਈਟ ਐਂਡ ਸਾਊਂਡ, ਲੇਜ਼ਰ ਸ਼ੋਅ, ਡਰੋਨ ਸ਼ੋਅ, ਆਤਿਸ਼ਬਾਜ਼ੀ ਆਦਿ ਪ੍ਰੋਗਰਾਮ ਖਿੱਚ ਦਾ ਕੇਂਦਰ ਰਹਿਣਗੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੋੜਨ ਲਈ ਵੱਖ-ਵੱਖ ਸਮਾਗਮ ਉਲੀਕੇ ਗਏ ਹਨ, ਜਿਨ੍ਹਾਂ ਦੀ ਜਾਣਕਾਰੀ ਵੱਖ-ਵੱਖ ਸਾਧਨਾਂ ਦੁਆਰਾ ਵੱਧ ਤੋਂ ਵੱਧ ਸੰਗਤ ਤੱਕ ਪਹੁੰਚਾਈ ਜਾਵੇਗੀ। ਸਮੁੱਚੇ ਸਮਾਗਮਾਂ ਵਿੱਚ ਬੱਚਿਆਂ, ਨੌਜੁਆਨਾਂ, ਬੀਬੀਆਂ, ਗੁਰੂ ਨਾਨਕ ਨਾਮ ਲੇਵਾ ਤੇ ਵੱਖ-ਵੱਖ ਧਰਮਾਂ ਨਾਲ ਸਬੰਧਤ ਸ਼ਖ਼ਸੀਅਤਾਂ ਦੀ ਨੁਮਾਇੰਦਗੀ ਹੋਵੇਗੀ। ਮੁੱਖ ਸਮਾਗਮਾਂ ’ਚ ਲੱਖਾਂ ਸੰਗਤਾਂ ਦੇ ਨਾਲ-ਨਾਲ ਦੇਸ਼ ਵਿਦੇਸ਼ ਦੀਆਂ ਪ੍ਰਮੁੱਖ ਹਸਤੀਆਂ ਸ਼ਿਰਕਤ ਕਰਨਗੀਆਂ। ਪਹਿਲੀ ਨਵੰਬਰ ਤੋਂ 13 ਨਵੰਬਰ ਤੱਕ ਸਵੇਰੇ ਸ਼ਾਮ ਪੰਥ ਪ੍ਰਸਿੱਧ ਰਾਗੀ ਜਥੇ ਤੇ ਕਥਾ ਵਾਚਕ ਸੰਗਤ ਨੂੰ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਨਾਲ ਜੋੜਨਗੇ।
ਇਸੇ ਦੌਰਾਨ ਵਿਸ਼ੇਸ਼ ਸਮਾਗਮਾਂ ਵਿੱਚ ਪਹਿਲੀ ਨਵੰਬਰ ਨੂੰ 550 ਰਬਾਬੀ ਤੰਤੀ ਸਾਜ਼ ਹੱਥਾਂ ਵਿੱਚ ਲੈ ਕੇ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਗੁਰਦੁਆਰਾ ਰਬਾਬਸਰ ਭਰੋਆਣਾ ਤੋਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਪੁੱਜਣਗੇ। ਇਥੇ ਪੁਰਾਤਨ ਸਾਜ਼ਾਂ ਨਾਲ ਕੀਰਤਨ ਸਮਾਗਮ ਹੋਵੇਗਾ। 2 ਨਵੰਬਰ ਨੂੰ ਭਾਰਤ ਭਰ ’ਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਕੀਤੇ ਗਏ ਸਹਿਜਪਾਠਾਂ ਦੇ ਸੰਗਤੀ ਰੂਪ ਵਿਚ ਭੋਗ ਪਾਏ ਜਾਣਗੇ। 3 ਨਵੰਬਰ ਨੂੰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਕੌਮੀ ਪੱਧਰ ਦਾ ਸਮਾਗਮ ਹੋਵੇਗਾ। 4 ਨਵੰਬਰ ਨੂੰ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਅਕੈਡਮੀਆਂ ਦੇ ਵਿਦਿਆਰਥੀਆਂ ਦੇ ਕੀਰਤਨ, ਗੁਰਬਾਣੀ ਕੰਠ, ਕਵਿਤਾ, ਭਾਸ਼ਣਾ, ਪ੍ਰਸ਼ਨੋਤਰੀ ਤੇ ਢਾਡੀ ਕਵੀਸ਼ਰੀ ਮੁਕਾਬਲੇ ਹੋਣਗੇ।
5 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਅਤੇ ਖ਼ਾਲਸਾ ਸਕੂਲਾਂ ਦੇ ਵਿਦਿਆਰਥੀਆਂ ਦਾ ਵਿਸ਼ਾਲ ਸਮਾਗਮ ਹੋਵੇਗਾ। ਇਸੇ ਦਿਨ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਏ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਸੰਪੂਰਨ ਖ਼ਾਲਸਈ ਜਾਹੋ-ਜਲਾਲ ਨਾਲ ਹੋਵੇਗੀ। ਇਸੇ ਤਰ੍ਹਾਂ 6 ਨਵੰਬਰ ਨੂੰ ਵਿਸ਼ਵ ਸਿੱਖ ਨੌਜੁਆਨ ਸੰਮੇਲਨ ’ਚ ਗੁਰੂ ਸਾਹਿਬ ਦੀ ਵਿਚਾਰਧਾਰਾ ਦੀ ਰੌਸ਼ਨੀ ਵਿਚ ਨੌਜੁਆਨੀ ਨੂੰ ਸੇਧਾਂ ਸਬੰਧੀ ਵਿਚਾਰਾਂ ਹੋਣਗੀਆਂ। ਇਸ ਤੋਂ ਇਲਾਵਾ ਇਨਾਮੀ ਕਵੀ ਮੁਕਾਬਲੇ ਵੀ ਹੋਣਗੇ। 7 ਨਵੰਬਰ ਨੂੰ ਨੌਜਵਾਨ ਸੰਗੀਤ ਸੰਮੇਲਨ, ਇਨਾਮੀ ਢਾਡੀ ਮਕਾਬਲੇ, ਜਦਕਿ 8 ਨਵੰਬਰ ਨੂੰ ਗਤਕਾ ਮੁਕਾਬਲੇ, ਕਵੀਸ਼ਰੀ ਮੁਕਾਬਲੇ ਤੇ ਢਾਡੀ ਦਰਬਾਰ ਰੱਖੇ ਗਏ ਹਨ। 8 ਨਵੰਬਰ ਨੂੰ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਅੰਤਰ ਧਰਮ ਸੰਵਾਦ ਸੰਮੇਲਨ ਕਰਵਾਇਆ ਜਾਵੇਗਾ, ਜਿਸ ਵਿਚ ਸਿੰਘ ਸਾਹਿਬਾਨ, ਵੱਖ-ਵੱਖ ਧਰਮਾਂ ਦੇ ਮੁਖੀ ਸੰਬੋਧਨ ਕਰਨਗੇ।
ਭਾਈ ਲੌਂਗੋਵਾਲ ਨੇ ਦੱਸਿਆ ਕਿ 9 ਤੋਂ 12 ਨਵੰਬਰ ਤੱਕ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ 9 ਨਵੰਬਰ ਨੂੰ ਇਸਤਰੀ ਸੰਮੇਲਨ ਤੇ ਕਵੀ ਦਰਬਾਰ, ਰਾਤ ਸਮੇਂ ਲਾਈਟ ਐਂਡ ਸਾਊਂਡ ਤੇ ਲੇਜ਼ਰ ਸ਼ੋਅ, 10 ਦਸੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਰਚਿਤ ਰਾਗਾਂ ’ਤੇ ਅਧਾਰਿਤ ਅਲੌਕਿਕ ਰਾਗ ਦਰਬਾਰ ਤੇ ਰਾਤ ਸਮੇਂ ਕਵੀਸ਼ਰੀ ਦਰਬਾਰ ਹੋਣਗੇ। ਇਸੇ ਤਰ੍ਹਾਂ 11 ਨਵੰਬਰ ਨੂੰ ਪੁਰਾਤਨ ਰਵਾਇਤ ਅਨੁਸਾਰ ਗੁਰਦੁਆਰਾ ਸੰਤਘਾਟ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ।
ਇਸ ਤੋਂ ਇਲਾਵਾ ਵਿਸ਼ੇਸ਼ ਵਿਚਾਰ ਸਮਾਗਮ ਦੌਰਾਨ ਦੇਸ਼ ਵਿਦੇਸ਼ ਦੀਆਂ ਧਾਰਮਿਕ, ਰਾਜਨੀਤਕ ਸ਼ਖ਼ਸੀਅਤਾਂ ਤੇ ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਬਾਰੇ ਵਿਚਾਰ ਸਾਂਝੇ ਕਰਨਗੇ। 11 ਨਵੰਬਰ ਨੂੰ ਹੀ ਢਾਡੀ ਦਰਬਾਰ, ਕਵੀਸ਼ਰੀ ਦਰਬਾਰ ਤੇ 101 ਸਿੱਖ ਸ਼ਖ਼ਸੀਅਤਾਂ ਦੇ ਸਨਮਾਨ ਸਬੰਧੀ ਸਮਾਗਮ ਹੋਵੇਗਾ। 12 ਨਵੰਬਰ ਨੂੰ ਕੌਮਾਂਤਰੀ ਪੱਧਰ ਦੇ ਸਮਾਗਮ ਦੌਰਾਨ ਪ੍ਰਮੁੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਗੁਰੂ ਸਾਹਿਬ ਜੀ ਨੂੰ ਸਤਿਕਾਰ ਭੇਟ ਕਰਨਗੀਆਂ। 12 ਨਵੰਬਰ ਰਾਤ ਸਮੇਂ ਕੀਰਤਨ ਦਰਬਾਰ ਹੋਵੇਗਾ ਅਤੇ 12 ਤੇ 13 ਨਵੰਬਰ ਦਰਮਿਆਨੀ ਰਾਤ 1:00 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।