ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਲੀਡਰਾਂ ਤੋਂ ਇਲਾਵਾ ਇਸ ਵਾਰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਦ ਮੈਂਬਰਾਂ ਦੀ ਗੱਲ਼ ਕਰੀਏ ਤਾਂ ਬਠਿੰਡਾ ਤੋਂ ਹਰਸਿਮਰਤ ਬਾਦਲ ਤੇ ਸੰਗਰੂਰ ਤੋਂ ਭਗਵੰਤ ਮਾਨ ਦਾ ਪਿੰਡਾਂ ਵਿੱਚ ਸਭ ਤੋਂ ਵੱਧ ਵਿਰੋਧ ਹੋ ਰਿਹਾ ਹੈ। ਪਿਛਲੀਆਂ ਚੋਣਾਂ ਵਿੱਚ ਭਗਵੰਤ ਮਾਨ ਲੋਕਾਂ ਵਿੱਚ ਨਾਇਕ ਵਾਂਗ ਵਿਚਰਦੇ ਸੀ ਤੇ ਬੜੇ ਬੇਬਾਕ ਤਰੀਕੇ ਨਾਲ ਰਵਾਇਤੀ ਪਾਰਟੀਆਂ ਨੂੰ ਰਗੜੇ ਲਾਉਂਦੇ ਸੀ। ਇਸ ਵਾਲ ਹਾਲਾਤ ਕੁਝ ਵੱਖਰੇ ਹਨ।


ਸ਼ਨੀਵਾਰ ਨੂੰ ਭਗਵੰਤ ਮਾਨ ਦਾ ਪਿੰਡ ਅਕਾਲਗੜ੍ਹ ਵਿੱਚ ਜ਼ਬਦਸਤ ਵਿਰੋਧ ਹੋਇਆ। ਲੋਕਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਪਿੰਡ ਵਾਸੀਆਂ ਨੇ ਭਗਵੰਤ ਮਾਨ ਮੁਰਦਾਬਾਦ ਤੇ ਆਮ ਆਦਮੀ ਪਾਰਟੀ ਮੁਰਦਾਬਾਦ ਦੇ ਨਾਅਰੇ ਵੀ ਲਾਏ। ਭਗਵੰਤ ਮਾਨ ਵੱਲੋਂ ਹਲਕਾ ਸੁਨਾਮ ’ਚ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ। ਇਸ ਤਹਿਤ ਜਦੋਂ ਉਹ ਪਿੰਡ ਅਕਾਲਗੜ੍ਹ ਪੁੱਜੇ ਤਾਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਕਾਲੀਆਂ ਝੰਡੀਆਂ ਨਾਲ ਭਗਵੰਤ ਮਾਨ ਦਾ ਰਸਤਾ ਰੋਕਣ ਦੀ ਕੋਸ਼ਿਸ ਕੀਤੀ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਪਿੰਡ ਅਕਾਲਗੜ੍ਹ ਦੀ ਪੰਚਾਇਤ ਨਾਲ ਕੀਤਾ ਵਾਅਦਾ ਨਹੀਂ ਪੁਗਾਇਆ। ਉਨ੍ਹਾਂ ਕਿਹਾ ਕਿ ਮਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੀ ਜਿਹੜੀ ਪੰਚਾਇਤ ਬਿਨ੍ਹਾਂ ਮੁਕਾਬਲਾਂ ਜਾਂ ਸਰਬਸੰਮਤੀ ਨਾਲ ਚੁਣੀ ਜਾਵੇਗੀ, ਉਸ ਨੂੰ ਪੰਜ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ ਪਰ ਉਹ ਪੰਚਾਇਤੀ ਚੋਣਾਂ ਤੋਂ ਬਾਅਦ ਇਸ ਪਿੰਡ ਵਿੱਚ ਨਹੀਂ ਵੜਿਆ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।

ਪੰਚਾਇਤ ਨੇ ਕਿਹਾ ਕਿ ਭਗਵੰਤ ਮਾਨ ਆਪਣੇ ਕਹੇ ਉੱਤੇ ਖਰਾ ਨਹੀਂ ਉਤਰ ਰਿਹਾ ਤੇ ਉਹ ਪੰਚਾਇਤ ਨੂੰ ਪੈਸੇ ਦੇਣ ਤੋਂ ਸਾਫ਼ ਮੁੱਕਰ ਗਿਆ। ਇਸ ਕਾਰਨ ਪਿੰਡ ਵਾਸੀਆਂ ਨੇ ਭਗਵੰਤ ਮਾਨ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ। ਸਰਪੰਚ ਸੁਰਿੰਦਰਜੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਦਾ ਹੁਣ ਹਰ ਪਿੰਡ ਵਿੱਚ ਵਿਰੋਧ ਹੋ ਰਿਹਾ ਹੈ ਕਿਉਂਕਿ ਉਹ ਆਪਣੇ ਕਹੇ ਬੋਲਾਂ ਉੱਤੇ ਪੂਰਾ ਨਹੀਂ ਉੱਤਰ ਸਕਿਆ।