ਅੰਮ੍ਰਿਤਸਰ: ਇੱਥੋਂ ਦੇ ਜੋੜਾ ਫਾਟਕ ਨਜ਼ਦੀਕ ਪਿਛਲੇ ਸਾਲ ਦੁਸਹਿਰੇ ਮੌਕੇ ਵਾਪਰੇ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਵੱਲੋਂ ਅੱਜ ਜੋੜਾ ਫਾਟਕ ਨੇੜੇ ਧਰਨਾ ਦਿੱਤਾ ਗਿਆ। ਇਸ ਮੌਕੇ ਲੋਕ ਰੇਲਵੇ ਫਾਟਕ ਵੱਲ ਵਧ ਰਹੇ ਸਨ ਪਰ ਪੁਲਿਸ ਨੇ ਬੈਰੀਕੇਟਿੰਗ ਕਰਕੇ ਉਨ੍ਹਾਂ ਨੂੰ ਪਿੱਛੇ ਹੀ ਰੋਕ ਦਿੱਤਾ। ਲੋਕ ਸੜਕ ਉੱਪਰ ਹੀ ਧਰਨਾ ਲਾ ਕੇ ਬੈਠ ਗਏ। ਲੋਕਾਂ ਦੀ ਮੰਗ ਹੈ ਕਿ ਉਨ੍ਹਾਂ ਨਾਲ ਜੋ ਸਰਕਾਰ ਨੇ ਵਾਅਦੇ ਕੀਤੇ ਸੀ, ਉਹ ਪੂਰੇ ਕੀਤੇ ਜਾਣ।

ਇਸ ਮੌਕੇ ਧਰਨੇ 'ਤੇ ਬੈਠੇ ਲੋਕਾਂ ਨੇ ਮੰਗ ਕੀਤੀ ਕਿ ਜਾਂ ਤਾਂ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਨਹੀਂ ਤਾਂ ਉਨ੍ਹਾਂ ਨੂੰ ਟ੍ਰੈਕ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਜਿੱਥੇ ਉਹ ਆਪਣੀ ਜਾਨ ਦੇ ਦੇਣਗੇ। ਸਿਆਸੀ ਪਾਰਟੀਆਂ ਦੇ ਨੇਤਾ ਵੀ ਜੋੜਾ ਫਾਟਕ 'ਤੇ ਧਰਨਾ ਦੇ ਰਹੇ ਲੋਕਾਂ ਕੋਲ ਪਹੁੰਚੇ। ਅੱਜ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਵੀ ਧਰਨੇ ਵਿੱਚ ਪੁੱਜੇ। ਭੁਲੱਥ ਹਲਕੇ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਧਰਨੇ ਵਿੱਚ ਪਹੁੰਚ ਕੇ ਸਰਕਾਰ ਕੋਲੋਂ ਮੰਗ ਕੀਤੀ ਕਿ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇ। ਇਸ ਦੇ ਨਾਲ ਹੀ ਜੋ ਲੋਕ ਇਸ ਲਈ ਜ਼ਿੰਮੇਵਾਰ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਸੁਖਪਾਲ ਖਹਿਰਾ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਪਿਛਲੇ ਇੱਕ ਸਾਲ ਵਿੱਚ ਜਾਂਚ ਰਿਪੋਰਟ ਹੀ ਨਹੀਂ ਦਾਖਲ ਕੀਤੀ ਤੇ ਲੋਕਾਂ ਨੂੰ ਇਨਸਾਫ ਕਿਵੇਂ ਮਿਲੇਗਾ। ਦੂਜੇ ਪਾਸੇ ਪੁਲਿਸ ਨੇ ਜੋੜਾ ਫਾਟਕ 'ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹੋਏ ਹਨ। ਜੋੜਾ ਫਾਟਕ ਵਾਲੇ ਪਾਸੇ ਜੀਟੀ ਰੋਡ ਤੋਂ ਆਉਣ ਵਾਲੀ ਆਵਾਜਾਈ ਨੂੰ ਬੰਦ ਕੀਤਾ ਹੋਇਆ ਹੈ।