Kangana Emergency: ਕੰਗਨਾ ਰਣੌਤ ਦੀ ਵਿਵਾਦਿਤ ਫਿਲਮ ਐਮਰਜੈਂਸੀ ਨੂੰ ਲੈ ਕੇ ਪੰਜਾਬ ਵਿੱਚ ਕਈ ਥਾਈਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹਾਲਾਂਕਿ ਪੰਜਾਬ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਈ ਹੈ, ਇਸ ਫਿਲਮ ਨੂੰ ਪੰਜਾਬ ਵਿੱਚ ਬੈਨ ਕਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਐਮਰਜੈਂਸੀ ਫਿਲਮ ਦੀ ਰਿਲੀਜ਼ ਕਾਰਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਸੂਬੇ ਅੰਦਰ ਪਹਿਲਾਂ ਹੀ ਨਾਜ਼ੁਕ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਭਗਵੰਤ ਮਾਨ ਸਰਕਾਰ ਨੂੰ ਪੰਜਾਬ ਦੇ ਅੰਦਰ ਫਿਲਮ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
ਇਹ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ ਕਿ ਉਹ ਜਨਤਾ ਦੀਆਂ ਭਾਵਨਾਵਾਂ ਦੀ ਰੱਖਿਆ ਕਰੇ ਅਤੇ ਇਹ ਯਕੀਨੀ ਬਣਾਏ ਕਿ ਅਜਿਹੀਆਂ ਫਿਲਮਾਂ ਦੀ ਸਕ੍ਰੀਨਿੰਗ ਨਾਲੋਂ ਜਿਆਦਾ ਭਾਈਚਾਰਕ ਸਾਂਝ ਅਤੇ ਕੌਮ ਦੀਆਂ ਭਾਵਨਾਵਾਂ ਨੂੰ ਪਹਿਲ ਦਿੱਤੀ ਜਾਵੇ।
ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਵੀ ਫਿਲਮ ਬੈਨ ਕਰਨ ਦੀ ਮੰਗ ਕਰਦਿਆਂ ਕਿਹਾ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਦਾ ਸਮਰਥਨ ਕਰਦਾ ਹਾਂ ਕਿ ਕੰਗਨਾ ਰਣੌਤ ਦੁਆਰਾ ਨਿਰਦੇਸ਼ਤ ਫਿਲਮ ਐਮਰਜੈਂਸੀ ’ਤੇ ਪਾਬੰਦੀ ਲਗਾਈ ਜਾਵੇ। ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਫਿਲਮ 'ਤੇ ਪਾਬੰਦੀ ਲਗਾਉਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਜੋ ਸਿੱਖਾਂ ਨੂੰ ਬੁਰੀ ਤਰ੍ਹਾਂ ਦਰਸਾਉਂਦੀ ਹੈ ਤੇ ਸਾਡੇ ਪੰਜਾਬ ਰਾਜ ਅਤੇ ਇਸਦੇ ਲੋਕਾਂ ਨੂੰ ਬਦਨਾਮ ਕਰਦੀ ਹੈ।
ਇਸ ਸਭ ਵਿਚਾਲੇ ਕੰਗਨਾ ਰਣੌਤ ਦਾ ਬਿਆਨ ਵੀ ਸਾਹਮਣੇ ਆਇਆ ਹੈ, ਕੰਗਨਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਇਹ ਕਲਾ ਅਤੇ ਕਲਾਕਾਰ ਦਾ ਪੂਰੀ ਤਰ੍ਹਾਂ ਸ਼ੋਸ਼ਣ ਹੈ, ਪੰਜਾਬ ਦੇ ਕਈ ਸ਼ਹਿਰਾਂ ਤੋਂ ਰਿਪੋਰਟ ਆ ਰਹੀ ਹੈ ਕਿ ਇਹ ਲੋਕ ਐਮਰਜੈਂਸੀ ਨੂੰ ਦਿਖਾਉਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ। ਮੈਨੂੰ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਹੈ ਤੇ ਚੰਡੀਗੜ੍ਹ ਵਿੱਚ ਪੜ੍ਹਾਈ ਕਰਨ ਤੇ ਵੱਡੇ ਹੋਣ ਤੋਂ ਬਾਅਦ ਮੈਂ ਸਿੱਖ ਧਰਮ ਨੂੰ ਨੇੜਿਓਂ ਦੇਖਿਆ ਹੈ ਤੇ ਉਸਦਾ ਪਾਲਣ ਕੀਤਾ ਹੈ। ਇਹ ਇੱਕ ਪੂਰਾ ਝੂਠ ਹੈ ਤੇ ਮੇਰੀ ਛਵੀ ਨੂੰ ਖਰਾਬ ਕਰਨ ਤੇ ਮੇਰੀ ਫਿਲਮ ਨੂੰ ਨੁਕਸਾਨ ਪਹੁੰਚਾਉਣ ਲਈ ਪ੍ਰਚਾਰ ਹੈ।