ਬਰਨਾਲਾ: 32 ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 389ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। 26 ਅਕਤੂਬਰ ਨੂੰ ਦਿੱਲੀ ਮੋਰਚਿਆਂ ਦੇ 11 ਮਹੀਨੇ ਪੂਰੇ ਹੋ ਰਹੇ ਹਨ। ਇਸ ਦਿਨ ਲਈ ਸੰਯੁਕਤ ਕਿਸਾਨ ਮੋਰਚਾ ਨੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਹਨ। 


ਮੋਰਚੇ ਨੇ ਸੱਦਾ ਦਿੱਤਾ ਹੈ ਕਿ 26 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਸਾਰੇ ਜਿਲ੍ਹਾ ਤੇ ਤਹਿਸੀਲ ਹੈਡ- ਕੁਆਟਰਾਂ ਉਪਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਿਨ੍ਹਾਂ ਵਿੱਚ ਅਜੈ ਮਿਸ਼ਰਾ ਟੇਨੀ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ ਜਾਵੇਗਾ। ਖਰਾਬ ਮੌਸਮ,ਸੌਣੀ ਦੀ ਫਸਲ ਦੀ ਕਟਾਈ ਅਤੇ ਹਾੜ੍ਹੀ ਦੀ ਬਿਜਾਈ ਦੇ ਮੱਦੇਨਜ਼ਰ ਲਖਨਊ ਕਿਸਾਨ ਮਹਾਪੰਚਾਇਤ ਹੁਣ  26 ਅਕਤੂਬਰ ਦੀ ਬਜਾਏ 22 ਨਵੰਬਰ ਨੂੰ ਕੀਤੀ ਜਾਵੇਗੀ।


ਅੱਜ ਸ਼ਹੀਦ ਭਗਤ ਸਿੰਘ ਦੇ ਨਜਦੀਕੀ ਸਾਥੀ ਜੈਦੇਵ ਕਪੂਰ ਦਾ ਜਨਮ ਦਿਨ ਸੀ। ਅੱਜ ਦੇ ਦਿਨ ਸੰਨ 1908 ਵਿੱਚ ਜਨਮੇ ਜੈਦੇਵ ਨੇ ਭਗਤ ਸਿੰਘ ਤੇ ਬੀ. ਕੇ.ਦੱਤ  ਲਈ ਦਿੱਲੀ ਅਸੈਂਬਲੀ ਲਈ ਪਾਸ ਦਾ ਇੰਤਜ਼ਾਮ ਕੀਤਾ ਸੀ ਅਤੇ ਬੰਬ ਫਟਣ ਤੋਂ ਕੁੱਝ ਮਿੰਟ ਪਹਿਲਾਂ ਹੀ ਅਸੈਂਬਲੀ ਹਾਲ 'ਚੋਂ ਬਾਹਰ ਆ ਗਏ ਸਨ। ਬੁਲਾਰਿਆਂ ਨੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਭਾਵਪੂਰਤ ਸਿਜਦਾ ਕੀਤਾ।


ਅੱਜ ਬਰਨਾਲਾ ਵਿਖੇ ਮੌਸਮ ਨਾ ਖੁਸ਼ਗਵਾਰ ਰਿਹਾ ਪਰ ਧਰਨਾਕਾਰੀਆਂ ਦੇ ਜੋਸ਼ ਵਿੱਚ ਕੋਈ ਕਮੀ ਨਹੀਂ ਆਈ। ਵਿਸ਼ੇਸ਼ ਗੱਲ ਇਹ ਰਹੀ ਕਿ ਧਰਨਾਕਾਰੀਆਂ ਵਿੱਚ ਵੱਡੀ ਗਿਣਤੀ ਵਿੱਚ ਉਹੀ ਕਿਸਾਨ ਮਰਦ ਔਰਤਾਂ ਸ਼ਾਮਲ ਸਨ ਜੋ ਲਖੀਮਪੁਰ ਦੇ ਸ਼ਹੀਦਾਂ ਦੇ ਅਸਥੀ ਕਲਸ਼ ਦੇ ਸਵਾਗਤ ਲਈ ਨੌ ਵਜੇ ਹੰਢਿਆਇਆ ਚੌਕ ਪਹੁੰਚੇ ਹੋਏ ਸਨ ਜੋ ਦੁਬਾਰਾ ਤੋਂ ਫਿਰ ਇਸ ਸੰਘਰਸ਼ੀ ਅਖਾੜੇ ਵਿੱਚ ਹਾਜ਼ਰ ਸਨ।


ਅੱਜ ਧਰਨੇ ਨੂੰ ਗੁਰਨਾਮ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿੱਲਵਾਂ, ਨਛੱਤਰ ਸਿੰਘ ਸਹੌਰ, ਸ਼ਿੰਦਰ ਸਿੰਘ ਧੌਲਾ, ਬਲਜੀਤ ਸਿੰਘ ਚੌਹਾਨਕੇ, ਜਸਪਾਲ ਸਿੰਘ ਚੀਮਾ,ਗੁਰਮੇਲ ਸ਼ਰਮਾ,ਅਮਰਜੀਤ ਕੌਰ,ਪ੍ਰੇਮਪਾਲ ਕੌਰ,ਜਰਨੈਲ ਸਿੰਘ ਹੰਢਿਆਇਆ, ਜਸਪਾਲ ਕੌਰ ਕਰਮਗੜ੍ਹ, ਗੁਰਜੰਟ ਸਿੰਘ ਹਮੀਦੀ, ਬਿੱਕਰ ਸਿੰਘ ਔਲਖ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਫਿਰ ਡੀਏਪੀ ਖਾਦ ਦੀ ਕਿੱਲਤ ਬਾਰੇ ਚਰਚਾ ਕੀਤੀ ਜੋ ਦਿਨ-ਬਦਿਨ ਬਦ ਤੋਂ ਬਦਤਰ ਹੋ ਰਹੀ ਹੈ। 


ਪਰਾਈਵੇਟ ਡੀਲਰ ਹਾਲਤ ਦਾ ਨਜਾਇਜ਼ ਉਠਾ ਰਹੇ ਹਨ ਅਤੇ ਖਰੀਦਦਾਰਾਂ ਨੂੰ ਖਾਦ ਦੇ ਨਾਲ ਹੋਰ ਬੇਲੋੜੀਆਂ ਵਸਤਾਂ ਖਰੀਦਣ ਲਈ ਮਜ਼ਬੂਰ ਕਰ ਰਹੇ ਹਨ। 1200 ਰੁਪਏ ਦੀ ਕੀਮਤ ਵਾਲੇ ਥੈਲੇ ਲਈ ਕਿਸਾਨਾਂ ਨੂੰ 1400 ਰੁਪਏ ਦੇਣੇ ਪੈ ਰਹੇ ਹਨ। ਉਧਰ ਖੇਤੀ ਮਾਹਰਾਂ ਨੇ ਡੀਏਪੀ ਖਾਦ ਦੇ ਉਲਟੇ ਸਿੱਧੇ ਬਦਲ ਸੁਝਾਉਣੇ ਸ਼ੁਰੂ ਕਰ ਦਿੱਤੇ ਹਨ। ਡੀਏਪੀ ਦੀ ਬਜਾਏ ਐਨਪੀਕੇ ਖਾਦ ਵਰਤਣ ਲਈ ਕਿਹਾ ਜਾ ਰਿਹਾ ਹੈ ਜਿਸ ਦੇ ਰੇਟ ਕੇਂਦਰ ਸਰਕਾਰ ਨੇ ਪਹਿਲਾਂ ਹੀ 1180 ਰੁਪਏ ਤੋਂ ਵਧਾ ਕੇ 1450 ਰੁਪਏ ਕਰ ਦਿੱਤੇ ਹਨ। ਆਗੂਆਂ ਨੇ ਜਿੱਥੇ ਸਰਕਾਰ ਨੂੰ ਕਿੱਲਤ ਦੂਰ ਕਰਨ ਲਈ ਤੁਰੰਤ ਕਦਮ ਉਠਾਉਣ ਲਈ ਕਿਹਾ ਉਥੇ ਦੂਸਰੀ ਤਰਫ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਕਿ ਖਾਦ ਦੀ ਜ਼ਖੀਰੇਬਾਜੀ ਨਾ ਕਰਨ।
 
ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ ਗਾਇਣ ਕਰਕੇ ਪੰਡਾਲ 'ਚ ਜੋਸ਼ ਭਰਿਆ। ਨਰਿੰਦਰਪਾਲ  ਸਿੰਗਲਾ ਨੇ ਕਵਿਤਾ ਸੁਣਾਈ।