ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੰਮ੍ਰਿਤਸਰ ਨੂੰ ਡੈਸਟੀਨੇਸ਼ਨ ਵੈਡਿੰਗ ਸੈਂਟਰ ਵਜੋਂ ਵਿਕਸਤ ਕਰਨ ਲਈ ਦੋਹਰਾ ਮਾਪਦੰਡ ਅਪਣਾਉਣ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਐਨਆਰਆਈ ਪਰਿਵਾਰ, ਜਿਸ ਦੇ ਵਿਆਹ ਸਮਾਗਮਾਂ ਨੂੰ  ਪਿਛਲੇ ਸਾਲ ਨਵੰਬਰ ਵਿੱਚ ਸ਼ਰਾਬ ਮਾਫ਼ੀਆ ਨੇ ਬਰਬਾਦ ਕਰ ਦਿੱਤਾ ਸੀ, ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਹੈ।
 
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ ਵਿੱਚ ਸ਼ਰਾਬ ਦੇ ਠੇਕੇਦਾਰ ਦੀ ਅਗਵਾਈ ਵਿੱਚ ਕੁਝ ਹਥਿਆਰਬੰਦ ਲੋਕਾਂ ਨੇ ਇੱਕ ਮੈਰਿਜ ਰਿਜ਼ਾਰਟ 'ਤੇ ਗੋਲੀਆਂ ਚਲਾਈਆਂ ਸਨ, ਜਿੱਥੇ ਇੱਕ ਐਨਆਰਆਈ ਪਰਿਵਾਰ ਨੇ ਆਪਣੇ ਬੇਟੇ ਲਈ ਵਿਆਹ ਦਾ ਰਿਸੈੱਪਸ਼ਨ ਰੱਖਿਆ ਸੀ। ਐਨ.ਆਰ.ਆਈਜ਼ ਨੇ ਪੁਲਿਸ 'ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾਉਣ ਦਾ ਵੀ ਦੋਸ਼ ਲਾਇਆ ਅਤੇ ਪੰਜਾਬ ਜੰਗਲ ਰਾਜ ਕਿਹਾ।  ਇਸ ਦੁਖਦਾਈ ਤਜ਼ਰਬੇ ਤੋਂ ਬਾਅਦ, ਕੁਝ ਐਨ.ਆਰ.ਆਈਜ਼ ਨੇ ਪੰਜਾਬ ਵਾਪਸ ਨਾ ਆਉਣ ਦੀ ਸਹੁੰ ਖਾਧੀ। 



ਬਾਜਵਾ ਨੇ ਕਿਹਾ ਕਿ ਕਾਨੂੰਨ ਦੇ ਸ਼ਾਸਨ ਤੋਂ ਬਿਨਾਂ ਕਿਸੇ ਜਗ੍ਹਾ ਨੂੰ ਡੈਸਟੀਨੇਸ਼ਨ ਵੈਡਿੰਗ ਸੈਂਟਰ ਵਜੋਂ ਕਿਵੇਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ। 


ਬਾਜਵਾ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਸੂਬੇ ਵਿੱਚ ਡੈਸਟੀਨੇਸ਼ਨ ਵੈਡਿੰਗ ਸਪਾਟ ਵਜੋਂ ਪਰਮੋਟ ਕਰਨ ਤੋਂ ਪਹਿਲਾਂ 'ਆਪ' ਸਰਕਾਰ ਨੂੰ ਇਸ ਸ਼ਹਿਰ ਨੂੰ ਨਸ਼ਿਆਂ ਦੀ ਮੰਜ਼ਿਲ ਬਣਨ ਤੋਂ ਰੋਕਣ ਲਈ ਕੰਮ ਕਰਨਾ ਚਾਹੀਦਾ ਹੈ। ਨਸ਼ਾ ਤਸਕਰਾਂ ਨੇ ਸਰਹੱਦੀ ਜ਼ਿਲ੍ਹੇ ਵਿੱਚ ਆਪਣੇ ਪੈਰ ਪਸਾਰ ਲਏ ਹਨ ਅਤੇ 'ਆਪ' ਸਰਕਾਰ ਨਸ਼ਿਆਂ ਦੀ ਸਮੱਸਿਆ 'ਤੇ ਲਗਾਮ ਲਗਾਉਣ ਵਿੱਚ ਬੁਰੀ ਤਰਾਂ ਅਸਫਲ ਰਹੀ ਹੈ। 


ਸੂਬਾ ਸਰਕਾਰ ਵੱਲੋਂ ਸ਼ਹਿਰ 'ਚ 100 ਏਕੜ 'ਚ ਇੱਕ ਵਿਸ਼ਵ ਪੱਧਰੀ 'ਸੈਲੀਬ੍ਰੇਸ਼ਨ ਪੁਆਇੰਟ' ਸਥਾਪਤ ਕੀਤੇ ਜਾਣ ਦੀ ਉਮੀਦ ਹੈ, ਜਿਸ 'ਚ ਮੈਰਿਜ ਪੈਲੇਸ, ਬੈਂਕੁਏਟ ਹਾਲ ਅਤੇ ਹੋਟਲ ਹੋਣਗੇ।


"ਇਹ ਓਨਾ ਹੀ ਹਾਸੋਹੀਣਾ ਹੈ ਜਿੰਨਾ ਲੱਗਦਾ ਹੈ। ਅਜਿਹਾ ਕਦਮ ਸੈਲਾਨੀਆਂ ਨੂੰ ਅੰਮ੍ਰਿਤਸਰ ਵੱਲ ਕਿਵੇਂ ਆਕਰਸ਼ਿਤ ਕਰੇਗਾ? ਬਾਜਵਾ ਨੇ ਕਿਹਾ ਕਿ ਇਹ ਸਿਰਫ਼ ਸਥਾਨਕ ਲੋਕਾਂ ਨੂੰ ਆਕਰਸ਼ਿਤ ਕਰੇਗਾ। 


ਕਾਦੀਆਂ ਦੇ ਵਿਧਾਇਕ ਨੇ ਕਿਹਾ ਕਿ ਅੰਮ੍ਰਿਤਸਰ ਆਪਣੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਦੁਨੀਆ ਭਰ ਤੋਂ ਸਿੱਖ ਸ਼ਰਧਾਲੂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਅੰਮ੍ਰਿਤਸਰ ਆਉਂਦੇ ਹਨ। ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਸੈਰ-ਸਪਾਟਾ ਸਥਾਨਾਂ ਦੀ ਸਰਕਾਰ ਦੁਆਰਾ ਅਣਦੇਖੀ ਕੀਤੀ ਗਈ ਹੈ ਅਤੇ ਇਸ ਤਰਾਂ ਸ਼ਾਇਦ ਹੀ ਕੋਈ ਸੈਲਾਨੀ ਇਨ੍ਹਾਂ ਸਥਾਨਾਂ ਦਾ ਦੌਰਾ ਕਰਦਾ ਹੈ। 


ਬਾਜਵਾ ਨੇ ਕਿਹਾ ਕਿ ਜੇਕਰ 'ਆਪ' ਸਰਕਾਰ ਸੈਲਾਨੀਆਂ ਲਈ ਅੰਮ੍ਰਿਤਸਰ ਨੂੰ ਉਤਸ਼ਾਹਿਤ ਕਰਨ ਲਈ ਗੰਭੀਰ ਹੈ ਤਾਂ ਉਸ ਨੂੰ ਸਾਰੇ ਇਤਿਹਾਸਕ ਸਥਾਨਾਂ ਨੂੰ ਅਪਗ੍ਰੇਡ ਕਰਨ ਅਤੇ ਉਨ੍ਹਾਂ ਦਾ ਜ਼ੋਰਦਾਰ ਪ੍ਰਚਾਰ ਕਰਨ ਦੀ ਲੋੜ ਹੈ।