ਚੰਡੀਗੜ੍ਹ : ਪੀਆਰਟੀਸੀ (PRTC) ਤੇ ਪਨਬੱਸ (PUNBUS) ਦੇ ਕੱਚੇ ਮੁਲਾਜ਼ਮਾਂ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ-ਖਰੜ ਹਾਈਵੇਅ ਜਾਮ ਕਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਕੱਚੇ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਤੋਂ ਆਉਟਸੋਰਸਿੰਗ ਦੀ ਭਰਤੀ ਬੰਦ ਕਰਕੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਗਈ ਹੈ। ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ 15 ਸਾਲਾਂ ਤੋਂ ਪਨਬੱਸ ਵਿੱਚ ਕੰਮ ਕਰ ਰਹੇ ਹਾਂ।
ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕੱਚੇ ਮੁਲਾਜ਼ਮਾਂ ਨੇ ਅੱਜ ਪੰਜਾਬ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਰੋਡਵੇਜ਼ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਅੱਜ ਅਚਾਨਕ ਖਰੜ ਵਿੱਚ ਨੈਸ਼ਨਲ ਹਾਈਵੇ ਉਤੇ ਜਾਮ ਲਗਾ ਦਿੱਤਾ। ਕੱਚੇ ਮੁਲਾਜ਼ਮਾਂ ਨੇ ਸੜਕ ਵਿਚਕਾਰ ਬੱਸਾਂ ਖੜੀਆਂ ਕਰਕੇ ਮੁਕੰਮਲ ਤੌਰ ਉਤੇ ਜਾਮ ਕਰ ਦਿੱਤਾ , ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਇਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਕਹਿ ਰਹੀ ਹੈ ਕਿ ਆਊਟਸੋਰਸ ਰਾਹੀਂ ਕਰਮਚਾਰੀ ਨਹੀਂ ਰੱਖੇ ਜਾਣਗੇ, ਦੂਜੇ ਪਾਸੇ ਅੱਜ ਆਊਟ ਸੋਰਸ ਰਾਹੀਂ ਚੰਡੀਗੜ੍ਹ ਵਿੱਚ ਭਰਤੀ ਚੱਲ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਇਹ ਜਾਮ ਉਦੋਂ ਤੱਕ ਜਾਰੀ ਰਹੇਗਾ , ਜਦੋਂ ਤੱਕ ਚੰਡੀਗੜ੍ਹ ਵਿੱਚ ਚੱਲ ਰਹੀ ਆਊਟ ਸੋਰਸ ਮੁਲਾਜ਼ਮਾਂ ਦੀ ਭਰਤੀ ਬੰਦ ਨਹੀਂ ਕੀਤੀ ਜਾਂਦੀ, ਕੱਚੇ ਮੁਲਾਜ਼ਮਾਂ ਨੁੰ ਪੱਕੇ ਕਰਨ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ।
ਇਸ ਦੇ ਇਲਾਵਾ ਚੰਡੀਗੜ੍ਹ ਬੱਸ ਡਿਪੂ ਦੇ ਬਾਹਰ ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਊਟਸੋਰਸ ਭਰਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੁਝ ਵਰਕਰਾਂ ਨੇ ਬੱਸਾਂ 'ਤੇ ਚੜ ਕੇ ਖ਼ੁਦ 'ਤੇ ਪੈਟਰੋਲ ਛਿੜਕ ਲਿਆ ਹੈ ਅਤੇ ਅੱਗ ਲਾਉਣ ਦੀ ਚੇਤਾਵਨੀ ਦਿੱਤੀ ਗਈ ਹੈ।ਸਬੰਧਤ ਵਿਭਾਗੀ ਅਧਿਕਾਰੀਆਂ ਅਤੇ ਪੁਲੀਸ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ 10 ਸਾਲ ਤੋਂ ਮਹਿਕਮੇ ਵਿੱਚ ਕੰਮ ਕਰਦੇ ਹੋਏ ਠੇਕਾ ਮੁਲਾਜ਼ਮਾਂ ਨੂੰ ਸ਼ਰਤ ਲਗਾ ਕੇ ਕੱਢਿਆ ਜਾ ਰਿਹਾ ਹੈ। ਯੂਨੀਅਨ ਨੇ ਮੁਲਾਜ਼ਮਾਂ ਦੀ ਬਹਾਲੀ ਦੇ ਨਾਲ-ਨਾਲ ਆਊਟਸੋਰਸਿੰਗ ਭਰਤੀ ਬੰਦ ਕਰਨ ਦੀ ਮੰਗ ਉਠਾਈ ਹੈ। ਕੱਚੇ ਮੁਲਾਜ਼ਮਾਂ ਨੂੰ ਖਦਸ਼ਾ ਹੈ ਕਿ ਜੇਕਰ ਵਿਭਾਗ ਨੇ ਆਊਟਸੋਰਸ ਭਰਤੀ ਕੀਤੀ ਤਾਂ ਉਨ੍ਹਾਂ ਦੀ ਬਹਾਲੀ ਦਾ ਰਾਹ ਬੰਦ ਹੋ ਜਾਵੇਗਾ।