Punjab Board 10th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਦਾ ਨਤੀਜਾ ਐਲਾਨ ਕੀਤਾ ਹੈ। ਇਸ ਸਾਲ 2,81,098 ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 2,73,348 ਵਿਦਿਆਰਥੀ ਪਾਸ ਹੋਏ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਾਸ ਪ੍ਰਤੀਸ਼ਤਤਾ ਘਟੀ ਹੈ। ਪਿਛਲੇ ਸਾਲ ਪਾਸ ਪ੍ਰਤੀਸ਼ਤਤਾ 97.54% ਸੀ ਜਦੋਂਕਿ ਇਸ ਸਾਲ ਪਾਸ ਪ੍ਰਤੀਸ਼ਤਤਾ 97.24% ਦਰਜ ਕੀਤੀ ਗਈ ਹੈ।


ਅੰਮ੍ਰਿਤਸਰ ਅੱਵਲ, ਫਤਹਿਗੜ੍ਹ ਸਾਹਿਬ ਫਾਡੀ 
ਉਧਰ, ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦਾ ਨਤੀਜਾ ਸਭ ਤੋਂ ਵਧੀਆ ਰਿਹਾ ਜਦੋਂਕਿ ਫਤਹਿਗੜ੍ਹ ਸਾਹਿਬ ਜ਼ਿਲ੍ਹਾ ਫਾਡੀ ਰਿਹਾ। ਅੰਮ੍ਰਿਤਸਰ ਦੀ ਪਾਸ ਪ੍ਰਤੀਸ਼ਤਤਾ 99.24 ਫੀਸਦੀ ਦਰਜ ਕੀਤੀ ਗਈ ਜਦੋਂਕਿ ਫ਼ਤਹਿਗੜ੍ਹ ਸਾਹਿਬ ਵਿੱਚ ਪਾਸ ਪ੍ਰਤੀਸ਼ਤਤਾ 94.15% ਰਹੀ। ਇਸ ਦੇ ਨਾਲ ਹੀ ਪਠਾਨਕੋਟ ਵਿੱਚ 99.24% ਤੇ ਤਰਨ ਤਾਰਨ ਵਿੱਚ 99.13% ਪਾਸ ਪ੍ਰਤੀਸ਼ਤਤਾ ਰਹੀ। ਲੁਧਿਆਣਾ ਵਿੱਚ 95.27% ਬੱਚੇ ਹੀ ਪਾਸ ਹੋਏ।


ਛਾ ਗਈਆਂ ਕੁੜੀਆਂ
ਉਂਝ ਇਸ ਸਾਲ ਵੀ ਲੜਕੀਆਂ ਨੇ ਬਾਜ਼ੀ ਮਾਰੀ ਹੈ। ਪਹਿਲੇ ਤਿੰਨੇ ਸਥਾਨ ਲੜਕੀਆਂ ਨੇ ਮੱਲੇ ਹਨ। ਇੰਨਾ ਹੀ ਨਹੀਂ ਪ੍ਰੀਖਿਆ 'ਚ ਪਾਸ ਪ੍ਰਤੀਸ਼ਤਤਾ 'ਚ ਵੀ ਲੜਕੀਆਂ ਛਾਈਆਂ ਰਹੀਆਂ ਹਨ। ਇਸ ਸਾਲ 1,32,642 ਵਿੱਚੋਂ 1,30,132 ਲੜਕੀਆਂ ਪਾਸ ਹੋਈਆਂ ਹਨ, ਜੋ 98.11% ਹੈ। ਜਦੋਂਕਿ 148445 ਵਿੱਚੋਂ 143206 ਲੜਕੇ ਪਾਸ ਹੋਏ ਹਨ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.47% ਰਹੀ।


ਪਿੰਡਾਂ ਵਾਲਿਆਂ ਨੇ ਮਾਰੀ ਬਾਜ਼
ਇਸ ਸਾਲ 11 ਟਰਾਂਸਜੈਂਡਰ ਵੀ ਪ੍ਰੀਖਿਆ ਲਈ ਬੈਠੇ ਸਨ, ਜਿਨ੍ਹਾਂ ਵਿੱਚੋਂ 10 ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਦੇ ਨਾਲ ਹੀ ਇਸ ਸਾਲ ਸ਼ਹਿਰਾਂ ਨਾਲੋਂ ਪਿੰਡਾਂ ਦੀ ਪਾਸ ਪ੍ਰਤੀਸ਼ਤਤਾ ਵੱਧ ਰਹੀ ਹੈ। ਪੇਂਡੂ ਖੇਤਰਾਂ ਦੇ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 97.58% ਸੀ, ਜਦੋਂਕਿ ਸ਼ਹਿਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 96.6% ਸੀ।


394 ਵਿਦਿਆਰਥੀ ਫੇਲ੍ਹ, 7166 ਦੀ ਰੀ-ਅਪੀਅਰ 
ਇਸ ਸਾਲ ਫੇਲ੍ਹ ਹੋਏ ਵਿਦਿਆਰਥੀਆਂ ਦੀ ਗਿਣਤੀ 394 ਹੈ ਜਦੋਂਕਿ 7166 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੀ ਰੀ-ਅਪੀਅਰ ਆਈ ਹੈ। ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਪੰਜਾਬ ਬੋਰਡ ਨਾਲ ਸੰਪਰਕ ਕਰਨਾ ਹੋਵੇਗਾ ਤੇ ਲੋੜੀਂਦੇ ਦਸਤਾਵੇਜ਼ਾਂ ਨੂੰ ਪੂਰਾ ਕਰਨ ਤੋਂ ਬਾਅਦ ਦੁਬਾਰਾ ਪ੍ਰੀਖਿਆ ਲਈ ਅਪਲਾਈ ਕਰਨਾ ਹੋਵੇਗਾ। ਇਸ ਦੇ ਨਾਲ ਹੀ 190 ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦਾ ਨਤੀਜਾ ਕਿਸੇ ਕਾਰਨ ਰੋਕ ਦਿੱਤਾ ਗਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।