ਚੰਡੀਗੜ੍ਹ: ਮੁਹਾਲੀ ਵਿੱਚ ਇੱਕ ਪੈਟਰੋਲ ਪੰਪ ਮਾਲਕ ਦੀ ਖੁਦਕੁਸ਼ੀ ਤੋਂ ਬਾਅਦ ਪੰਜਾਬ ਦੇ ਸਾਰੇ ਪੈਟਰੋਲ ਪੰਪ ਮਾਲਕਾਂ ਨੇ 29 ਜੁਲਾਈ ਯਾਨੀ ਕੱਲ੍ਹ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੈਟਰੋਲ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਹੈ।



ਪੈਟਰੋਲ ਪੰਪ ਮਾਲਕਾਂ ਨੇ ਕਿਹਾ ਕਿ ਉਹ ਪੈਟਰੋਲ ਤੇ ਡੀਜ਼ਲ ‘ਤੇ ਵੱਧ ਟੈਕਸ ਦਰਾਂ ਦੇ ਵਿਰੋਧ 'ਚ 29 ਜੁਲਾਈ ਨੂੰ ਆਪਣੇ ਪੈਟਰੋਲ ਪੰਪ ਬੰਦ ਰੱਖਣਗੇ। ਪੰਪ ਮਾਲਕਾਂ ਦਾ ਕਹਿਣਾ ਹੈ ਕਿ ਵੱਧ ਟੈਕਸ ਦੀਆਂ ਦਰਾਂ ਨੇ ਉਨ੍ਹਾਂ ਦੇ ਕੰਮ 'ਤੇ ਮਾੜਾ ਪ੍ਰਭਾਵ ਪਾਇਆ ਹੈ।



ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕੇ ਪੰਪ ਮਾਲਕ ਪੈਟਰੋਲ-ਡੀਜ਼ਲ ਦੀਆਂ ਵੱਧ ਕੀਮਤਾਂ ਹੋਣ ਕਰਕੇ ਖੁਦਕੁਸ਼ੀ ਕੀਤੀ ਹੈ ਜਿਸ ਦੇ ਰੋਸ ਵਜੋਂ ਕੱਲ੍ਹ ਨੂੰ ਪੈਟਰੋਲ ਪੰਪ ਮਾਲਕ ਸਰਕਾਰ ਖਿਲਾਫ ਸੰਘਰਸ਼ ਕਰਨਗੇ।



ਪੰਪ ਮਾਲਕਾਂ ਅਨੁਸਾਰ ਪੰਜਾਬ ਵਿੱਚ ਪੈਟਰੋਲ ਦੀ ਪ੍ਰਚੂਨ ਕੀਮਤ 82.35 ਰੁਪਏ ਪ੍ਰਤੀ ਲੀਟਰ ਹੈ, ਜਦਕਿ ਚੰਡੀਗੜ੍ਹ ਵਿੱਚ ਇਹ 77.41 ਰੁਪਏ ਹੈ ਤੇ ਪੰਚਕੂਲਾ 'ਚ 78.46 ਰੁਪਏ ਪ੍ਰਤੀ ਲੀਟਰ ਹੈ। ਇਸੇ ਤਰ੍ਹਾਂ ਪੰਜਾਬ 'ਚ ਡੀਜ਼ਲ ਦੀ ਕੀਮਤ 75.54 ਰੁਪਏ ਪ੍ਰਤੀ ਲੀਟਰ ਹੈ।