Drugs Case Hearing High Court : ਪੰਜਾਬ ਦੇ ਬਹੁਕਰੋੜੀ ਡਰੱਗ ਮਮਾਲੇ 'ਚ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ। ਅੱਜ ਦਾ ਦਿਨ ਹਾਈ ਕੋਰਟ ਵਿੱਚ ਵੱਡਾ ਰਹਿਣ ਵਾਲਾ ਹੈ। ਵੈਸੇ ਦੇਖਿਆ ਜਾਵੇ ਤਾਂ 6000 ਕਰੋੜ ਦੇ ਇਸ ਡਰੱਗ ਰੈਕੇਟ ਮਾਮਲੇ ਵਿੱਚ ਹਾਈ ਕੋਰਟ 'ਚ ਪਿਛਲੇ 2 ਦਿਨਾਂ ਤੋਂ ਲਗਾਤਾਰ ਸੁਣਵਾਈ ਕੀਤੀ ਜਾ ਰਹੀ ਹੈ। 


ਪੰਜਾਬ ਵਿੱਚ ਡਰੱਗ ਦੇ ਗੈਰ ਕਾਨੂੰਨੀ ਕਾਰੋਬਾਰ ਅਤੇ ਪੁਲਿਸ ਦਾ ਡਰੱਗ ਮਾਫ਼ੀਆਂ ਨਾਲ ਸਬੰਧਤਾਂ 'ਤੇ ਹਾਈਕੋਰਟ ਦੇ ਹੁਕਮਾਂ ਤਹਿਤ ਸਾਲ 2018 ਵਿੱਚ ਸਪੈਸ਼ਲ ਜਾਂਚ ਕੀਤੀ ਗਈ ਸੀ। ਜਿਸ ਦੀਆਂ ਚਾਰ ਰਿਪੋਰਟਾਂ ਹਾਈ ਕੋਰਟ ਵਿੱਚ ਪਿਛਲੇ 5 ਸਾਲਾਂ ਤੋਂ ਬੰਦ ਪਈਆਂ ਸਨ। ਵਕੀਲ ਨਵਕਿਰਨ ਸਿੰਘ  ਵੱਲੋਂ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ ਸੀ ਕਿ ਇਹਨਾਂ ਡਰੱਗ ਰਿਪੋਰਟਾਂ ਨੂੰ ਖੋਲ੍ਹਿਆ ਜਾਵੇ। 


ਜਿਸ ਤੋਂ ਬਾਅਦ ਹਾਈ ਕੋਰਟ ਨੇ ਮਾਰਚ 2023 ਨੂੰ ਚਾਰ ਰਿਪੋਰਟਾਂ ਖੋਲ੍ਹੀਆਂ ਅਤੇ ਪੰਜਾਬ ਸਰਕਾਰ ਨੂੰ ਤਿੰਨ ਰਿਪੋਰਟਾਂ 'ਤੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਚੌਥੀ ਰਿਪੋਰਟ ਨੂੰ ਮੁੜ ਹਾਈ ਕੋਰਟ ਵਿੱਚ ਸੀਲ ਬੰਦ ਕਰ ਦਿੱਤਾ ਗਿਆ ਸੀ। 



28 ਮਾਰਚ ਨੂੰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਅਤੇ 5 ਅਪ੍ਰੈਲ ਨੂੰ ਪੰਜਾਬ ਸਰਕਾਰ ਨੇ ਤਿੰਨ ਡਰੱਗ ਰਿਪੋਰਟਾਂ ਹਾਸਲ ਕਰਕੇ ਪਹਿਲੀ ਕਾਰਵਾਈ ਕੀਤੀ ਸੀ। ਪਹਿਲੀ ਗਾਜ AIG ਰਾਜਜੀਤ ਸਿੰਘ ਹੁੰਦਲ 'ਤੇ ਡਿੱਗੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ AIG ਰਾਜਜੀਤ ਸਿੰਘ ਹੁੰਦਲ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। 



ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਜੀਤ ਖਿਲਾਫ਼ ਲੁੱਕਆਊਟ ਸਰਕੂਲਰ (LOC) ਵੀ ਜਾਰੀ ਕਰਵਾਇਆ ਸੀ ਅਤੇ ਵਿਜੀਲੈਂਸ ਨੂੰ ਰਾਜਜੀਤ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ। ਵਿਜੀਲੈਂਸ ਵੱਲੋਂ ਉਸ ਦੀ ਡਰੱਗ ਮਨੀ ਨਾਲ ਕਮਾਈ ਜਾਇਦਾਦ ਦਾ ਪਤਾ ਲਗਾਉਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ ਅਜੇ ਤੱਕ ਮੁਲਜ਼ਮ ਰਾਜਜੀਤ ਸਿੰਘ ਦੀ ਗ੍ਰਿਫਤਾਰੀ ਨਹੀਂ ਹੋਈ ਹੈ।



ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਜਦੋਂ 3 ਰਿਪੋਰਟਾਂ ਖੁੱਲ੍ਹੀਆਂ ਸਨ ਤਾਂ ਇਨ੍ਹਾਂ ਵਿੱਚੋਂ ਇੱਕ ਰਿਪੋਰਟ ਨੂੰ ਪੜ੍ਹਦਿਆਂ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਨੂੰ ਨੋਟਿਸ ਜਾਰੀ ਕਰਕੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਨੂੰ ਆਪਣਾ ਪੱਖ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਜਿਹੜੇ ਚੌਥੀ ਰਿਪੋਰਟ ਨੂੰ ਦੁਬਾਰਾ ਸੀਲਬੰਦ ਕੀਤਾ ਸੀ ਉਹ ਪੰਜਾਬ ਦੇ ਪੁਲਿਸ ਅਫ਼ਸਰਾਂ 'ਤੇ ਅਧਾਰਿਤ ਹੈ। 



ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਇਸ ਮਾਮਲੇ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਮਜੀਠੀਆ ਖ਼ਿਲਾਫ਼ 20 ਦਸੰਬਰ 2021 ਨੂੰ ਮੁਹਾਲੀ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸ ਵਿੱਚ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਪਰ ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹੈ।