Punjab News: ਆਮ ਆਦਮੀ ਪਾਰਟੀ ਨੇ ਪੰਜਾਬ ਦੇ ਬਲਾਕ ਇੰਚਾਰਜ ਅਤੇ ਸਰਕਲ ਇੰਚਾਰਜ ਦੇ ਸਾਰੇ ਅਹੁਦਿਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਹੈ। ਜਲਦੀ ਹੀ ਨਵੇਂ ਅਹੁਦਿਆਂ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਅਗਸਤ ਮਹੀਨੇ ਵਿੱਚ ਪੰਜਾਬ ਵਿੱਚ ਤਿੰਨ ਲੋਕ ਸਭਾ ਹਲਕਾ ਇੰਚਾਰਜ ਅਤੇ ਨੌਂ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤੇ ਗਏ ਸਨ।






ਇਸ ਨੂੰ ਲੈ ਕੇ ਆਪ ਦੇ ਸੋਸ਼ਲ ਮੀਡੀਆ ਖਾਤੇ ਉੱਤੇ ਪੋਸਟ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਰਾਜ ਵਿੱਚ ਬਲਾਕ ਇੰਚਾਰਜ ਅਤੇ ਸਰਕਲ ਇੰਚਾਰਜ ਦੀਆਂ ਸਾਰੀਆਂ ਅਸਾਮੀਆਂ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੀਆਂ ਹਨ। ਜਲਦੀ ਹੀ ਨਵੇਂ ਅਧਿਕਾਰੀ ਨਿਯੁਕਤ ਕੀਤੇ ਜਾਣਗੇ।


ਜ਼ਿਕਰ ਕਰ ਦਈਏ ਕਿ ਆਪ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ, ਸੀਐਮ ਭਗਵੰਤ ਮਾਨ ਅਤੇ ਸੂਬਾ ਵਰਕਿੰਗ ਕਮੇਟੀ ਪ੍ਰਧਾਨ ਬੁੱਧ ਰਾਮ ਨੇ ਸੂਚੀ ਜਾਰੀ ਕੀਤੀ ਸੀ। ਸੂਚੀ ਅਨੁਸਾਰ ਦੀਪਕ ਬਾਂਸਲ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ, ਅਸ਼ਵਨੀ ਅਗਰਵਾਲ ਨੂੰ ਜਲੰਧਰ ਲੋਕ ਸਭਾ ਹਲਕੇ ਤੋਂ ਅਤੇ ਜਗਦੇਵ ਸਿੰਘ ਬਾਮ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਇੰਚਾਰਜ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਨੌਂ ਜ਼ਿਲ੍ਹਿਆਂ ਦੇ ਇੰਚਾਰਜ ਵੀ ਬਣਾਏ ਗਏ ਹਨ।


ਇਸ ਤੋਂ ਪਹਿਲਾਂ ਇਸ ਸਾਲ ਜੂਨ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਸਨ। ਇਸ ਸੰਦਰਭ ਵਿੱਚ 'ਆਪ' ਨੇ ਕਈ ਲੋਕਾਂ ਨੂੰ ਪਾਰਟੀ ਸੰਗਠਨ ਦੀ ਜ਼ਿੰਮੇਵਾਰੀ ਸੌਂਪੀ ਸੀ। ਆਮ ਆਦਮੀ ਪਾਰਟੀ ਨੇ ਬੁੱਧਰਾਮ ਨੂੰ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਐਲਾਨਿਆ ਸੀ। ਬੁੱਧਰਾਮ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵਿੱਚੋਂ ਇੱਕ ਹਨ। ਉਹ ਮਾਨਸਾ ਜ਼ਿਲ੍ਹੇ ਦੀ ਬੁਢਲਾਡਾ ਵਿਧਾਨ ਸਭਾ ਸੀਟ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਹਨ। ਮੁੱਖ ਮੰਤਰੀ ਕੋਲ ਸਮਾਂ ਨਾ ਹੋਣ ਕਾਰਨ ਪਾਰਟੀ ਨੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ। ਇਸ ਤੋਂ ਇਲਾਵਾ ਚਾਰ ਸੂਬਾ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਪ੍ਰਧਾਨ ਦਾ ਵੀ ਐਲਾਨ ਕੀਤਾ ਗਿਆ।