Punjab Air Quality Index: ਸ਼ਾਬਾਸ਼ ਪੰਜਾਬੀਓ! ਦੀਵਾਲੀ ਮੌਕੇ ਪਟਾਕੇ ਤੇ ਆਤਿਸ਼ਬਾਜ਼ੀ ਚਲਾ ਹਵਾ ਕੀਤੀ ਜ਼ਹਿਰੀਲੀ, AQI 500 ਤੱਕ ਪਹੁੰਚਿਆ; ਬੱਚੇ ਅਤੇ ਬਜ਼ੁਰਗ ਰਹਿਣ ਸਾਵਧਾਨ
ਸਾਡੇ ਗੁਰੂ ਸਹਿਬਾਨ ਵਾਤਾਵਰਣ ਦੀ ਸੰਭਾਲ ਦੀ ਸਿੱਖਿਆ ਦੇ ਕੇ ਗਏ ਹਨ। ਪਰ ਪੰਜਾਬੀ ਕਿੰਨਾ ਇਨ੍ਹਾਂ ਸਿੱਖਿਆਵਾਂ 'ਤੇ ਅਮਲ ਕਰਦੇ ਹਨ, ਉਹ ਬੀਤੀ ਰਾਤ ਪਤਾ ਚੱਲ ਗਿਆ। ਜਦੋਂ ਸਾਰੀ ਰਾਤ ਪੰਜਾਬ 'ਚ ਆਤਿਸ਼ਬਾਜ਼ੀ ਤੇ ਪਟਾਕੇ ਚੱਲਦੇ ਰਹੇ।

ਪੰਜਾਬ 'ਚ ਸੋਮਵਾਰ ਰਾਤ 8 ਵਜੇ ਤੋਂ ਬਾਅਦ ਦੀਵਾਲੀ ਦੇ ਪਟਾਕਿਆਂ ਤੋਂ ਹਵਾ 'ਚ ਰਲਦੇ ਧੂੰਏਂ ਨੇ ਸੂਬੇ ਦੇ ਕਈ ਸ਼ਹਿਰਾਂ ਦਾ ਦਮ ਘੋਟ ਕੇ ਰੱਖ ਦਿੱਤਾ। ਸਿਰਫ਼ ਚਾਰ ਘੰਟਿਆਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਵਿੱਚ ਤੇਜ਼ ਉਛਾਲ ਦੇਖਣ ਨੂੰ ਮਿਲਿਆ ਅਤੇ ਕਈ ਜ਼ਿਲ੍ਹਿਆਂ ਵਿੱਚ ਸਥਿਤੀ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਈ।
ਪੰਜਾਬ ਵਿੱਚ ਕਈ ਥਾਵਾਂ ‘ਤੇ ਅੱਜ ਦੀਵਾਲੀ ਮਨਾਈ ਜਾ ਰਹੀ ਹੈ। ਬੰਦੀ ਛੋੜ ਦਿਵਸ ‘ਤੇ ਵੀ ਅੱਜ ਪਟਾਕੇ ਫੋੜੇ ਜਾਣਗੇ। ਜਿਸਦੇ ਨਾਲ ਅੱਜ ਵੀ ਪ੍ਰਦੂਸ਼ਣ ਦੇ ਪੱਧਰ ਵਿੱਚ ਬਹੁਤ ਵੱਡਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ।
ਸੂਬੇ ਦੇ ਵਾਤਾਵਰਣ ਨਿਗਰਾਨੀ ਕੇਂਦਰਾਂ ਦੇ ਅਨੁਸਾਰ, ਰਾਤ 8 ਵਜੇ ਤੱਕ ਔਸਤ AQI 114 ਦਰਜ ਕੀਤਾ ਗਿਆ ਸੀ। ਪਟਾਕਿਆਂ ਦੇ ਫੁੱਟਣ ਨਾਲ ਇਹ 9 ਵਜੇ 153 ਅਤੇ 10 ਵਜੇ ਤੋਂ ਬਾਅਦ 309 ਹੋ ਗਿਆ। ਰਾਤ 11 ਵਜੇ ਤੱਕ ਇਹ 325 ਅਤੇ ਅੱਧੀ ਰਾਤ ਤੱਕ ਕਈ ਥਾਵਾਂ ‘ਤੇ 500 ਤੱਕ ਪਹੁੰਚ ਗਿਆ, ਜੋ ਅਤਿਅੰਤ ਖਤਰਨਾਕ ਸ਼੍ਰੇਣੀ ਹੈ।
ਵੱਡੇ ਸ਼ਹਿਰ ਸਭ ਤੋਂ ਜ਼ਿਆਦਾ ਪ੍ਰਭਾਵਿਤ
ਰਾਜ ਵਿੱਚ ਸਿਰਫ਼ 8 ਥਾਵਾਂ ‘ਤੇ ਹੀ ਪ੍ਰਦੂਸ਼ਣ ਬੋਰਡ ਹਵਾ ਦੀ ਗੁਣਵੱਤਾ ਦੀ ਜਾਂਚ ਕਰਦਾ ਹੈ। ਇਨ੍ਹਾਂ ਵਿੱਚ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹੇ। ਇਹਨਾਂ ਸ਼ਹਿਰਾਂ ਵਿੱਚ PM2.5 ਅਤੇ PM10 ਦੀ ਮਾਤਰਾ ਆਮ ਤੋਂ 4 ਤੋਂ 5 ਗੁਣਾ ਜ਼ਿਆਦਾ ਪਾਈ ਗਈ। ਰਾਤ ਭਰ ਆਸਮਾਨ ਵਿੱਚ ਧੂੰਏਂ ਦੀ ਪਰਤ ਛਾਈ ਰਹੀ, ਜਿਸ ਕਾਰਨ ਲੋਕਾਂ ਨੂੰ ਅੱਖਾਂ ਵਿੱਚ ਜਲਨ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਟੇਬਲ ਤੋਂ ਜਾਣੋ ਪ੍ਰਦੂਸ਼ਣ ਦਾ ਮਨੁੱਖਾਂ 'ਤੇ ਕੀ ਪ੍ਰਭਾਵ ਹੁੰਦਾ ਹੈ
ਏਕਿਊਆਈ ਟਿੱਪਣੀ ਸਿਹਤ 'ਤੇ ਪ੍ਰਭਾਵ
0-50 ਚੰਗਾ ਸਿਹਤ ਲਈ ਚੰਗਾ
51-100 ਤਸੱਲੀਬਖਸ਼ ਸੰਵੇਦਨਸ਼ੀਲ ਬਿਮਾਰੀ ਵਾਲੇ ਲੋਕਾਂ ਨੂੰ ਸਾਹ ਲੈਣ ਵਿੱਚ ਹਲਕੀ ਮੁਸ਼ਕਲ
101-200 ਮੱਧਮ ਫੇਫੜਿਆਂ, ਸਾਹ ਅਤੇ ਦਿਲ ਨਾਲ ਸਬੰਧਿਤ ਬਿਮਾਰੀਆਂ ਵਾਲੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ
201-300 ਖਰਾਬ ਲੰਮੇ ਸਮੇਂ ਲਈ, ਜੇ ਸਿਹਤਮੰਦ ਵਿਅਕਤੀ ਨੂੰ ਐਸੇ ਵਾਤਾਵਰਣ ਵਿੱਚ ਰਹਿਣਾ ਪਵੇ ਤਾਂ ਉਹਨੂੰ ਵੀ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ
301-400 ਬਹੁਤ ਖਰਾਬ ਸਧਾਰਣ ਲੋਕਾਂ ਨੂੰ ਵੀ ਸਾਹ ਲੈਣ ਵਿੱਚ ਮੁਸ਼ਕਲ
400 ਤੋਂ ਉੱਪਰ ਗੰਭੀਰ ਸਾਹ ਲੈਣ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ; ਬਿਮਾਰ ਲੋਕਾਂ ਲਈ ਜਾਨਲੇਵਾ ਹੋ ਸਕਦਾ ਹੈ
ਸੀਮਤ ਸਮੇਂ ਦੇ ਬਾਵਜੂਦ ਰਾਤ ਭਰ ਆਤਿਸ਼ਬਾਜ਼ੀ
ਵਾਤਾਵਰਣ ਮਾਹਿਰਾਂ ਨੇ ਕਿਹਾ ਕਿ ਸੀਮਤ ਸਮੇਂ ਦੀ ਆਤਿਸ਼ਬਾਜ਼ੀ ਦੇ ਬਾਵਜੂਦ ਹਵਾ ਵਿੱਚ ਸੁਖਮ ਧੂੜਕਣਾਂ ਦੀ ਮਾਤਰਾ ਕਈ ਗੁਣਾ ਵਧ ਜਾਂਦੀ ਹੈ, ਜੋ ਸਿਹਤ ਲਈ ਬਹੁਤ ਹੀ ਘਾਤਕ ਹੈ। ਸਰਕਾਰ ਨੇ ਵੀ ਰਾਤ 8 ਵਜੇ ਤੋਂ 10 ਵਜੇ ਤੱਕ ਆਤਿਸ਼ਬਾਜ਼ੀ ਦਾ ਸਮਾਂ ਨਿਰਧਾਰਤ ਕੀਤਾ ਸੀ, ਪਰ ਪੂਰੀ ਰਾਤ ਆਤਿਸ਼ਬਾਜ਼ੀ ਜਾਰੀ ਰਹੀ।
ਅਜਿਹੀ ਸਥਿਤੀ ਬਣ ਗਈ ਹੈ ਕਿ ਹੁਣ ਬੱਚਿਆਂ, ਬਜ਼ੁਰਗਾਂ ਅਤੇ ਅਸਥਮਾ ਦੇ ਮਰੀਜ਼ਾਂ ਨੂੰ ਇਸ ਸਥਿਤੀ ਵਿੱਚ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਲੋਕਾਂ ਨੂੰ ਸਵੇਰੇ ਵਕਤ ਬਾਹਰ ਟਹਿਲਣ ਜਾਂ ਵਿਆਯਾਮ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਹਾਲਾਤ ਅਗਲੇ ਦੋ ਦਿਨਾਂ ਤੱਕ ਗੰਭੀਰ
ਮੌਸਮ ਮਾਹਿਰਾਂ ਨੇ ਕਿਹਾ ਹੈ ਕਿ ਜੇ ਹਵਾਵਾਂ ਤੇਜ਼ ਨਹੀਂ ਚਲੀਆਂ, ਤਾਂ ਇਹ ਪ੍ਰਦੂਸ਼ਣ ਦੀ ਪਰਤ ਅਗਲੇ ਦੋ ਦਿਨਾਂ ਤੱਕ ਬਣੀ ਰਹਿ ਸਕਦੀ ਹੈ। ਪ੍ਰਦੂਸ਼ਣ ਵੱਧਣ ਦੇ ਨਾਲ-ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਨੇ ਵੀ ਸਥਿਤੀ ਨੂੰ ਹੋਰ ਖਰਾਬ ਕਰ ਦਿੱਤਾ ਹੈ।






















