Punjab Weather News: ਅੱਜ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਫਿਰ ਤੋਂ ਤੇਜ਼ੀ ਨਾਲ ਰਫਤਾਰ ਫੜ ਲਵੇਗਾ। ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਸੂਬੇ ਦੇ ਤਿੰਨ ਜ਼ਿਲ੍ਹਿਆਂ - ਹੁਸ਼ਿਆਰਪੁਰ, ਪਠਾਨਕੋਟ ਅਤੇ ਰੂਪਨਗਰ ਵਿੱਚ ਕੁਝ ਥਾਵਾਂ 'ਤੇ ਮੀਂਹ ਨੂੰ ਲੈਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ ਰਹੇਗੀ। ਉੱਥੇ ਹੀ ਇੱਕ ਜਾਂ ਦੋ ਵਾਰ ਮੀਂਹ ਜਾਂ ਗਰਜ ਦੇ ਨਾਲ ਮੀਂਹ ਪੈ ਸਕਦਾ ਹੈ।
ਐਤਵਾਰ ਨੂੰ ਮੀਂਹ ਨਾ ਪੈਣ ਕਾਰਨ ਗਰਮੀ ਅਤੇ ਹੁੰਮਸ ਵੱਧ ਗਈ ਹੈ। ਇਸ ਦੌਰਾਨ ਤਾਪਮਾਨ 3.2 ਡਿਗਰੀ ਵਧਿਆ। ਇਹ ਆਮ ਦੇ ਨੇੜੇ ਪਹੁੰਚ ਗਿਆ। ਸੂਬੇ ਵਿੱਚ ਸਭ ਤੋਂ ਵੱਧ 36 ਡਿਗਰੀ ਸੈਲਸੀਅਸ ਤਾਪਮਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਦਰਜ ਕੀਤਾ ਗਿਆ। ਹਾਲਾਂਕਿ, 17 ਜ਼ਿਲ੍ਹਿਆਂ ਵਿੱਚ ਮੀਂਹ ਬਹੁਤ ਘੱਟ ਪਿਆ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ, ਗੰਗਾ ਪੱਛਮੀ ਬੰਗਾਲ ਵਿੱਚ ਬਣਿਆ ਘੱਟ ਦਬਾਅ ਵਾਲਾ ਖੇਤਰ ਹੁਣ ਝਾਰਖੰਡ ਪਹੁੰਚ ਗਿਆ ਹੈ ਅਤੇ ਹੌਲੀ-ਹੌਲੀ ਛੱਤੀਸਗੜ੍ਹ ਵੱਲ ਵੱਧ ਰਿਹਾ ਹੈ। ਇਸ ਦੌਰਾਨ, ਜੈਪੁਰ ਦੇ ਉੱਤਰ ਵਿੱਚ ਇੱਕ ਹੋਰ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ। ਦੋਵਾਂ ਮੌਸਮ ਪ੍ਰਣਾਲੀਆਂ ਵਿਚਕਾਰਲੀ ਖੱਡ ਦਿੱਲੀ ਤੋਂ ਰਾਜਸਥਾਨ ਵੱਲ ਖਿਸਕ ਗਈ ਹੈ।
ਗੋਆ ਤੋਂ ਕੇਰਲ ਤੱਕ ਭਾਰੀ ਮੀਂਹ ਦੀ ਉਮੀਦ
ਪੱਛਮੀ ਤੱਟ 'ਤੇ ਤੇਜ਼ ਸੋਮਾਲੀ ਜੈੱਟ ਸਟ੍ਰੀਮ ਦੇ ਪ੍ਰਭਾਵ ਕਾਰਨ ਗੋਆ ਤੋਂ ਕੇਰਲ ਤੱਕ ਭਾਰੀ ਮੀਂਹ ਪੈਣ ਦੀ ਉਮੀਦ ਹੈ। ਇਹ ਮੌਸਮ ਪ੍ਰਣਾਲੀਆਂ ਪੰਜਾਬ, ਹਰਿਆਣਾ, ਦਿੱਲੀ ਅਤੇ ਪਹਾੜੀ ਰਾਜਾਂ ਵਿੱਚ ਬਾਰਿਸ਼ ਦੀ ਗਤੀਵਿਧੀ ਨੂੰ ਵਧਾ ਸਕਦੀਆਂ ਹਨ, ਜਦੋਂ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਘੱਟ ਹੋਣ ਦੀ ਉਮੀਦ ਹੈ।
ਆਉਣ ਵਾਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਆਉਣ ਵਾਲੇ ਤਿੰਨ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ 11 ਤੇ 12 ਅਗਸਤ ਨੂੰ ਕਿਸੇ ਵੀ ਜ਼ਿਲ੍ਹੇ ‘ਚ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਇਨ੍ਹਾਂ 2 ਦਿਨਾਂ ਦੌਰਾਨ ਸਾਰੇ ਹੀ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
13 ਅਗਸਤ ਨੂੰ 3 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਭਾਰੀ ਬਾਰਿਸ਼ ਦੇ ਨਾਲ ਬਦਲ ਗੱਜਣ ਤੇ ਬਿਜਲ ਚਮਕਣ ਦੀ ਸੰਭਾਵਨਾ ਹੈ, ਇਨ੍ਹਾਂ ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਕਿਸੇ ਵੀ ਜ਼ਿਲ੍ਹੇ ‘ਚ ਕੋਈ ਵੀ ਅਲਰਟ ਨਹੀਂ ਹੈ। ਹਾਲਾਂਕਿ, ਸਾਰੇ ਹੀ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।
